
ਜੰਗਲਾਤ, ਸਮਾਜਕ ਨਿਆਂ, ਅਧਿਕਾਰਤਾ ਤੇ ਹੋਰ ਵਿਭਾਗ ਦੇਣਗੇ ਵਿੱਤੀ ਮਦਦ : ਧਰਮਸੋਤ
ਚੰਡੀਗੜ੍ਹ, 6 ਅਪ੍ਰੈਲ (ਸ.ਸ.ਸ) : ਪੰਜਾਬ ਦੇ ਜੰਗਲਾਤ, ਸਮਾਜਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਅਤੇ ਲਿਖਣ ਤੇ ਛਪਾਈ ਸਮੱਗਰੀ ਵਿਭਾਗ ਦੇ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਅੱਜ ਅਪਣੇ ਅਧੀਨ ਵਿਭਾਗਾਂ ਤੇ ਸੀਨੀਅਰ ਅਧਿਕਾਰੀਆਂ ਨਾਲ ਕੋਵਿਡ 19 ਦੇ ਪੈਦਾ ਹੋਏ ਹਾਲਾਤਾਂ ਸਬੰਧੀ ਮੀਟਿੰਗ ਕੀਤੀ। ਪ੍ਰੈੱਸ ਬਿਆਨ ਰਾਹੀਂ ਧਰਮਸੋਤ ਨੇ ਦਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿਚ ਕਰੋਨਾ ਵਾਇਰਸ ਨਾਲ ਨਜਿੱਠਣ ਲਈ ਕੀਤੇ ਗਏ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਮੁੱਖ ਮੰਤਰੀ ਪੰਜਾਬ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਮਹਾਂਮਾਰੀ ਵਿਰੁਧ ਲੜਨ ਲਈ ਸੂਬੇ ਦੇ ਹਰ ਨਾਗਰਿਕ ਨੂੰ ਅਪਣਾ ਯੋਗਦਾਨ ਦੇਣਾ ਚਾਹੀਦਾ ਹੈ।
Sadhu Singh Dharamsot
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਫ਼ੈਸਲੇ ਤਹਿਤ ਜੰਗਲਾਤ, ਸਮਾਜਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਅਤੇ ਲਿਖਣ ਤੇ ਛਪਾਈ ਸਮੱਗਰੀ ਆਦਿ ਵਿਭਾਗ ਮੁੱਖ ਮੰਤਰੀ ਰਾਹਤ ਫ਼ੰਡ 'ਚ ਅਪਣਾ ਵਿੱਤੀ ਯੋਗਦਾਨ ਪਾਉਣਗੇ।
ਸ. ਧਰਮਸੋਤ ਨੇ ਸੂਬੇ ਲੋਕਾਂ ਨੂੰ ਮੁੱਖ ਮੰਤਰੀ ਰਾਹਤ ਫ਼ੰਡ 'ਚ ਅਪਣਾ ਯੋਗਦਾਨ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੇ ਹਰ ਜ਼ਿੰਮੇਵਾਰ ਨਾਗਰਿਕ ਦਾ ਫ਼ਰਜ਼ ਬਣਦਾ ਹੈ ਕਿ ਉਹ ਇਸ ਮਾਰੂ ਵਾਇਰਸ ਨਾਲ ਲੜਨ ਲਈ ਸੂਬੇ ਨੂੰ ਯੋਗਦਾਨ ਦੇਣ ਤਾਂ ਜੋ ਅਸੀਂ ਹਰ ਨਾਗਰਿਕ ਨੂੰ ਸੁਰੱਖਿਅਤ ਕਰ ਸਕੀਏ।