
ਵ੍ਹਾਈਟ ਹਾਊਸ ਸਾਹਮਣੇ ਕਿਸਾਨਾਂ ਦੀ ਹਮਾਇਤ ਵਿਚ ਲੱਗਾ ਧਰਨਾ 21ਵੇਂ ਦਿਨ ਵਿਚ ਦਾਖ਼ਲ ਹੋਇਆ
ਵਾਸ਼ਿੰਗਟਨ ਡੀ ਸੀ, 6 ਅਪ੍ਰੈਲ (ਸੁਰਿੰਦਰ ਗਿੱਲ): ਕਿਸਾਨਾਂ ਦੀ ਹਮਾਇਤ ਵਿਚ ਅੰਦੋਲਨ 21ਵੇਂ ਦਿਨ ਵਿਚ ਪਹੁੰਚ ਗਿਆ ਹੈ। ਅਪ੍ਰੈਲ ਦਾ ਰੋਸਟਰ ਜਾਰੀ ਕਰਦੇ ਪ੍ਰਬੰਧਕਾਂ ਨੇ ਕਿਹਾ ਕਿ ਸਰਕਾਰ ਅੰਨ੍ਹੀ ਜਿਸ ਨੂੰ ਦਿਸਦਾ ਨਹੀਂ ਹੈ ਅਤੇ ਨਾ ਹੀ ਸੁਣਦਾਂ ਹੈ। ਪਰ ਅੰਦੋਲਨ ਦਾ ਸੇਕ ਪੂਰੇ ਸੰਸਾਰ ਵਿਚ ਫੈਲ ਗਿਆ ਹੈ। ਪਰ ਦਿੱਲੀ ਦੀ ਸਰਕਾਰ ਨੂੰ ਉਨ੍ਹਾਂ ਦੀਆਂ ਏਜੰਸੀਆਂ ਸਹੀ ਸੂਚਨਾ ਨਹੀਂ ਦੇ ਰਹੀਆਂ ਹਨ ਜਿਸ ਕਰ ਕੇ ਇਸ ਸਰਕਾਰ ਦਾ ਦਿਨੋਂ ਦਿਨ ਗ੍ਰਾਫ਼ ਡਿੱਗ ਰਿਹਾ ਹੈ ਇਸ ਗੱਲ ਦਾ ਪ੍ਰਗਟਾਵਾ ਅੱਜ ਦੇ ਮੋਰਚੇ ਦੀ ਅਗਵਾਈ ਕਰ ਰਹੇ ਬਲਜੀਤ ਸਿੰਘ ਘੁੰਮਣ ਨੇ ਕੀਤਾ ਹੈ। ਰੋਸਟਰ ਜਾਰੀ ਕਰਦੇ ਹੋਏ ਉਨ੍ਹਾਂ ਦਸਿਆ ਕਿ ਇਹ ਅੰਦੋਲਨ ਮਜ਼ਬੂਤੀ ਨਾਲ ਅੱਗੇ ਵੱਧ ਰਿਹਾ ਹੈ। ਇਸ ਦਾ ਜਾਰੀ ਰਹਿਣਾ ਹੀ ਇਸ ਦੀ ਕਾਮਯਾਬੀ ਹੈ। ਭਾਰਤੀ ਕਿਸਾਨ ਮਰਦੇ ਦਮ ਤਕ ਲੜਦੇ ਲੜਦੇ ਮਰ ਜਾਣਗੇ ਪਰ ਕਾਰਪੋਰੇਟ ਸੈਕਟਰ ਕੋਲ ਅਪਣੀਆਂ ਜ਼ਮੀਨਾਂ ਨਹੀਂ ਜਾਣ ਦੇਣਗੇ। ਘੱਟੋ ਘੱਟ ਮੁਲ ਲੈ ਕੇ ਰਹਿਣਗੇ।