
'ਇਮਰਾਨ ਨੂੰ ਹਟਾਉਣ 'ਚ ਅਮਰੀਕਾ ਦਾ ਹੱਥ' 64 ਫ਼ੀ ਸਦੀ ਪਾਕਿਸਤਾਨੀ ਨਹੀਂ ਮੰਨਦੇ ਸਹੀ
ਇਸਲਾਮਾਬਾਦ, 6 ਅਪ੍ਰੈਲ : ਪਾਕਿਸਤਾਨ ਵਿਚ ਕਰਵਾਏ ਗਏ ਇਕ ਸਰਵੇਖਣ ਨੇ ਸਪੱਸ਼ਟ ਕੀਤਾ ਹੈ ਕਿ 64 ਫ਼ੀ ਸਦੀ ਪਾਕਿਸਤਾਨੀ ਇਸ ਗੱਲ ਨੂੰ ਸਹੀ ਨਹੀਂ ਮੰਨਦੇ ਕਿ ਇਮਰਾਨ ਸਰਕਾਰ ਨੂੰ ਹਟਾਉਣ ਵਿਚ ਅਮਰੀਕਾ ਦਾ ਹੱਥ ਹੈ |
ਇਮਰਾਨ ਉਨ੍ਹਾਂ ਦੀ ਸਰਕਾਰ ਵਿਰੁਧ ਨੈਸ਼ਨਲ ਅਸੈਂਬਲੀ 'ਚ ਅਪਣੀ ਬੇਭਰੋਸਗੀ ਮਤਾ ਲਿਆਂਦੇ ਜਾਣ ਤੋਂ ਬਾਅਦ ਤੋਂ ਹੀ ਲਗਾਤਾਰ ਇਸ ਪਿੱਛੇ ਅਮਰੀਕੀ ਸਾਜ਼ਿਸ਼ ਦਾ ਦੋਸ਼ ਲਗਾਉਂਦੇ ਆ ਰਹੇ ਹਨ ਪਰ ਇਸ ਸਰਵੇ 'ਚ ਲੋਕਾਂ ਨੇ ਸਰਕਾਰ ਦੀ ਇਸ ਕਹਾਣੀ ਨੂੰ ਨਕਾਰਦਿਆਂ ਮਹਿੰਗਾਈ ਨੂੰ ਇਮਰਾਨ ਸਰਕਾਰ ਦੇ ਪਤਨ ਲਈ ਜ਼ਿੰਮੇਵਾਰ ਦਸਿਆ ਹੈ | ਪਾਕਿਸਤਾਨੀ ਅਖ਼ਬਾਰ ਡਾਨ ਨੇ ਬੁੱਧਵਾਰ ਨੂੰ ਅਪਣੀ ਰਿਪੋਰਟ 'ਚ ਦਸਿਆ ਕਿ ਗੈਲਪ ਪਾਕਿਸਤਾਨ ਦੇ ਸਰਵੇਖਣ 'ਚ ਸਿਰਫ਼ 36 ਫ਼ੀ ਸਦੀ ਲੋਕਾਂ ਦਾ ਮੰਨਣਾ ਹੈ ਕਿ ਸਰਕਾਰ ਨੂੰ ਡੇਗਣ ਦੀ ਵਿਰੋਧੀ ਧਿਰ ਦੀ ਕੋਸ਼ਿਸ਼ ਪਿੱਛੇ ਅਮਰੀਕਾ ਦੀ ਸਾਜ਼ਿਸ਼ ਹੈ | ਇਸ ਟੈਲੀਫ਼ੋਨ ਸਰਵੇਖਣ ਵਿਚ 03 ਤੋਂ 04 ਅਪ੍ਰੈਲ ਤਕ 800 ਪਰਵਾਰਾਂ ਦੀ ਰਾਏ ਲਈ ਗਈ | ਸਰਵੇਖਣ ਵਿਚ ਜਿਹੜੇ ਲੋਕਾਂ ਨੇ ਇਹ ਮੰਨਿਆ ਕਿ ਮਹਿੰਗਾਈ ਸਰਕਾਰ ਨੂੰ ਬੇਦਖ਼ਲ ਕਰਨ ਲਈ ਵਿਰੋਧੀ ਧਿਰ ਨੂੰ ਬੇਭਰੋਸਗੀ ਮਤਾ ਲਿਆਉਣ ਲਈ ਪ੍ਰੇਰਿਤ ਕਰਨ ਦਾ ਇਕ ਸਰੋਤ ਸੀ, ਉਨ੍ਹਾਂ ਵਿਚੋਂ 74 ਫ਼ੀ ਸਦੀ ਸਿੰਧ ਤੋਂ, 62 ਫ਼ੀ ਸਦੀ ਪੰਜਾਬ ਅਤੇ 59 ਫ਼ੀ ਸਦੀ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਹਨ | ਇਕ ਹੋਰ ਸਰਵੇਖਣ 'ਚ ਕਰੀਬ 54 ਫ਼ੀ ਸਦੀ ਲੋਕਾਂ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਸਰਕਾਰ ਦੀ ਸਾਢੇ ਤਿੰਨ ਸਾਲਾਂ ਦੀ ਕਾਰਗੁਜ਼ਾਰੀ 'ਤੇ ਨਿਰਾਸ਼ਾ ਪ੍ਰਗਟਾਈ, ਜਦਕਿ 46 ਫ਼ੀ ਸਦੀ ਲੋਕਾਂ ਨੇ ਸੰਤੁਸ਼ਟੀ ਪ੍ਰਗਟਾਈ |
ਸਰਵੇਖਣ ਮੁਤਾਬਕ 68 ਫ਼ੀ ਸਦੀ ਲੋਕਾਂ ਨੇ ਨਵੀਆਂ ਚੋਣਾਂ ਲਈ ਇਮਰਾਨ ਖ਼ਾਨ ਦੇ ਕਦਮ ਦੀ ਸ਼ਲਾਘਾ ਕੀਤੀ | ਸਰਵੇ 'ਚ 72 ਫ਼ੀ ਸਦੀ ਲੋਕਾਂ ਨੇ ਅਮਰੀਕਾ ਨੂੰ ਪਾਕਿਸਤਾਨ ਦਾ ਦੁਸ਼ਮਣ ਅਤੇ 28 ਫ਼ੀ ਸਦੀ ਲੋਕਾਂ ਨੇ ਦੋਸਤ ਕਿਹਾ | ਉਥੇ ਸਾਢੇ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਪੀਟੀਆਈ ਸਰਕਾਰ ਦੇ ਕੰਮਕਾਜ ਦੇ ਸਵਾਲ 'ਤੇ 54 ਫ਼ੀ ਸਦੀ ਲੋਕਾਂ ਨੇ ਇਮਰਾਨ ਖ਼ਾਨ ਦੇ ਸ਼ਾਸਨ ਪ੍ਰਤੀ ਨਿਰਾਸ਼ਾ ਪ੍ਰਗਟਾਈ, ਜਦਕਿ 46 ਫ਼ੀ ਸਦੀ ਲੋਕਾਂ ਨੇ ਕੱੁਝ ਹੱਦ ਤਕ ਸੰਤੁਸ਼ਟੀ ਪ੍ਰਗਟਾਈ | ਇਮਰਾਨ ਸਰਕਾਰ ਦੀ ਕਾਰਗੁਜ਼ਾਰੀ 'ਤੇ ਉੱਚ ਪੱਧਰ 'ਤੇ ਸੰਤੁਸ਼ਟੀ ਜ਼ਾਹਰ ਕਰਨ ਵਾਲਿਆਂ 'ਚ 60 ਫ਼ੀ ਸਦੀ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਸਨ, ਜਦਕਿ ਇਸੇ ਸੂਬੇ ਦੇ 40 ਫ਼ੀ ਸਦੀ ਲੋਕਾਂ ਨੇ ਇਮਰਾਨ ਸਰਕਾਰ ਦੀ ਕਾਰਗੁਜ਼ਾਰੀ 'ਤੇ ਨਰਾਜ਼ਗੀ ਜ਼ਾਹਰ ਕੀਤੀ | ਉਥੇ ਸਿੰਧ ਵਿਚ 43 ਫ਼ੀ ਸਦੀ ਲੋਕਾਂ ਨੇ ਇਮਰਾਨ ਖ਼ਾਨ ਦੇ ਪ੍ਰਦਰਸ਼ਨ 'ਤੇ ਸੰਤੁਸ਼ਟੀ ਪ੍ਰਗਟ ਕੀਤੀ ਪਰ 57 ਫ਼ੀ ਸਦੀ ਨੇ ਨਿਰਾਸ਼ਾ ਜ਼ਾਹਰ ਕੀਤੀ | ਪੰਜਾਬ ਦੀ ਗੱਲ ਕਰੀਏ ਤਾਂ 45 ਫ਼ੀ ਸਦੀ ਲੋਕਾਂ ਨੇ ਇਮਰਾਨ ਸਰਕਾਰ ਦੇ ਕੰਮ ਨੂੰ ਸਹੀ ਮੰਨਿਆ ਪਰ 55 ਫ਼ੀ ਸਦੀ ਲੋਕਾਂ ਨੇ ਉਨ੍ਹਾਂ ਦੀ ਕਾਰਗੁਜ਼ਾਰੀ ਤੋਂ ਅਸੰਤੁਸ਼ਟੀ ਪ੍ਰਗਟਾਈ | ਸਰਕਾਰ ਦੇ ਪਤਨ ਅਤੇ ਰਾਸ਼ਟਰੀ ਚੋਣਾਂ ਦੇ ਸੱਦੇ ਨੂੰ 68 ਫ਼ੀ ਸਦੀ ਲੋਕਾਂ ਨੇ ਸਹਿਮਤੀ ਦਿਤੀ, ਜਦਕਿ 32 ਫ਼ੀ ਸਦੀ ਨੇ ਇਸ ਨੂੰ ਰੱਦ ਕਰ ਦਿਤਾ | (ਏਜੰਸੀ)