
ਅਪ੍ਰੈਲ ਵਿਚ ਪਵੇਗੀ ਭਾਰੀ ਗਰਮੀ, ਗਰਮ ਹਵਾਵਾਂ ਕਰਨਗੀਆਂ ਤੰਗ
ਨਵੀਂ ਦਿੱਲੀ, 6 ਅਪ੍ਰੈਲ : ਭਾਰਤ ਮੌਸਮ ਵਿਭਾਗ (ਆਈ.ਐਮ.ਡੀ.) ਦੇ ਡਾਇਰੈਕਟਰ ਜਨਰਲ ਮਿ੍ਰਤੁੰਜੇ ਮਹਾਪਾਤਰਾ ਨੇ ਬੁਧਵਾਰ ਨੂੰ ਕਿਹਾ ਕਿ ਅਪ੍ਰੈਲ ਵਿਚ ਉਤਰ-ਪਛਮੀ ਭਾਰਤ ਅਤੇ ਨਾਲ ਲਗਦੇ ਮੱਧ ਭਾਰਤ ਦੇ ਖੇਤਰਾਂ ਵਿਚ ਹੋਰ ਗੰਭੀਰ ਗਰਮੀ ਪੈਣ ਅਤੇ ਲਗਾਤਾਰ ‘ਲੂ’ ਦੀ ਭਵਿੱਖਬਾਣੀ ਕੀਤੀ ਗਈ ਹੈ। ਉਨ੍ਹਾਂ ਨੇ ਡਿਜੀਟਲ ਮਾਧਿਅਮ ਰਾਹੀਂ ਆਯੋਜਤ ਇਕ ਪ੍ਰੋਗਰਾਮ ਵਿਚ ਕਿਹਾ, “ਅਸੀਂ ਉਮੀਦ ਕਰ ਰਹੇ ਹਾਂ ਕਿ ਪੂਰੇ ਉੱਤਰ ਪਛਮੀ ਭਾਰਤ ਅਤੇ ਨਾਲ ਲਗਦੇ ਮੱਧ ਭਾਰਤ ਵਿਚ ਤਾਪਮਾਨ ਆਮ ਨਾਲੋਂ ਵਧ ਰਹੇਗਾ। ਇਹ ਗੁਜਰਾਤ, ਰਾਜਸਥਾਨ ਤੋਂ ਸ਼ੁਰੂ ਹੋ ਕੇ ਪੂਰਬੀ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਤਕ ਰਹੇਗਾ।’’ ਮਹਾਪਾਤਰਾ ਨੇ ਕਿਹਾ ਕਿ ਆਈਐਮਡੀ ਨੇ ਪਹਿਲਾਂ ਭਵਿੱਖਬਾਣੀ ਕੀਤੀ ਸੀ ਕਿ ਅਪ੍ਰੈਲ ਦਾ ਮਹੀਨਾ ਮਾਰਚ ਦੇ ਮੁਕਾਬਲੇ ਜ਼ਿਆਦਾ ਗਰਮ ਹੋਵੇਗਾ ਅਤੇ ਤਾਪਮਾਨ ਆਮ ਨਾਲੋਂ ਜ਼ਿਆਦਾ ਰਹੇਗਾ। ਉਨ੍ਹਾਂ ਕਿਹਾ, ‘‘ਮਾਰਚ ਦੇ ਮੁਕਾਬਲੇ ਅਪ੍ਰੈਲ ’ਚ ਭੀਸ਼ਣ ਗਰਮੀ ਵਾਲੇ ਹਾਲਾਤ ਬਹੁਤ ਜ਼ਿਆਦਾ ਹੋਣਗੇ। ਅਤੇ ਸਾਨੂੰ ਕੁੱਝ ਹਿੱਸਿਆਂ ਵਿਚ 15 ਅਪ੍ਰੈਲ ਤਕ ਲੂ ਦੇ ਜਾਰੀ ਰਹਿਣ ਦੇ ੳਮੀਦ ਹੈ।’’
ਮੌਸਮ ਵਿਭਾਗ ਨੇ ਇਕ ਬਿਆਨ ਵਿਚ ਕਿਹਾ ਕਿ ਗੰਭੀਰ ਗਰਮੀ ਦੀ ਮੌਜੂਦਾ ਲਹਿਰ ਮੁੱਖ ਤੌਰ ’ਤੇ ਪਛਮੀ ਰਾਜਸਥਾਨ ਅਤੇ ਨਾਲ ਲਗਦੇ ਗੁਜਰਾਤ ਅਤੇ ਪਛਮੀ ਮੱਧ ਪ੍ਰਦੇਸ਼ ਵਿਚ 27 ਮਾਰਚ ਤੋਂ ਸ਼ੁਰੂ ਹੋਈ ਸੀ। ਇਹ ਪੂਰਬੀ ਰਾਜਸਥਾਨ, ਪੂਰਬੀ ਮੱਧ ਪ੍ਰਦੇਸ਼, ਦਖਣੀ ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਦਖਣੀ ਹਿੱਸਿਆਂ ਵਿਚ 29 ਮਾਰਚ ਤਕ ਫੈਲ ਗਈ। ਪਿਛਲੇ 122 ਸਾਲਾਂ ਵਿਚ ਇਸ ਸਾਲ ਮਾਰਚ ਦਾ ਮਹੀਨਾ ਭਾਰਤ ਵਿਚ ਸੱਭ ਤੋਂ ਗਰਮ ਰਿਹਾ।ਮੈਦਾਨੀ ਇਲਾਕਿਆਂ ਵਿਚ, ਜਦੋਂ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵਧ ਜਾਂਦਾ ਹੈ ਅਤੇ ਘੱਟੋ-ਘੱਟ ਤਾਪਮਾਨ ਆਮ ਨਾਲੋਂ 4.5 ਡਿਗਰੀ ਸੈਲਸੀਅਸ ਵਧ ਹੁੰਦਾ ਹੈ ਤਾਂ ਗੰਭੀਰ ਗਰਮੀ ਘੋਸ਼ਿਤ ਕੀਤੀ ਜਾਂਦੀ ਹੈ। (ਏਜੰਸੀ)