
ਮੋਰਚੇ ਵੱਲੋਂ ਸਰਕਾਰ ਨੂੰ 2 ਦਿਨ ਦਾ ਅਲਟੀਮੇਟਮ
ਫਰੀਦਕੋਟ : ਬਹਿਬਲ ਕਲਾਂ 'ਚ ਇਨਸਾਫ਼ ਮੋਰਚੇ ਵੱਲੋਂ ਅਣਮਿੱਥੇ ਸਮੇਂ ਲਈ ਬਠਿੰਡਾ-ਅੰਮ੍ਰਿਤਸਰ ਹਾਈਵੇ 'ਤੇ ਲਗਾਇਆ ਗਿਆ ਜਾਮ ਦੇਰ ਰਾਤ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਹੋਈ ਮੀਟਿੰਗ ਤੋਂ ਬਾਅਦ ਖੋਲ੍ਹ ਦਿੱਤਾ ਗਿਆ। ਧਰਨਾ ਆਪਣੀ ਪੁਰਾਣੀ ਜਗ੍ਹਾਂ 'ਤੇ ਲੈ ਵਾਪਸ ਲਾਇਆ ਗਿਆ ਹੈ। ਦੇਰ ਰਾਤ ਚੰਡੀਗੜ੍ਹ ਤੋਂ ਪਹੁੰਚੀ AG ਵਿਭਾਗ ਦੇ 5 ਵਕੀਲਾਂ ਦੀ ਟੀਮ ਵਲੋਂ ਪੰਜਾਬ ਸਰਕਾਰ ਨਾਲ ਗੱਲਬਾਤ ਕਰਕੇ ਮੋਰਚੇ ਦੀਆਂ ਮੰਗਾਂ ਨੂੰ ਮੰਨਣ ਦਾ ਭਰੋਸਾ ਦਿੱਤਾ ਹੈ।
PHOTO
ਮੋਰਚੇ ’ਚ ਪਹੁੰਚੀਆਂ ਸੰਗਤਾਂ ਨੇ ਵਿਭਾਗ ਦੀ ਟੀਮ ਨੂੰ ਮੋਰਚੇ ਸੰਬੰਧੀ ਕੁਝ ਸ਼ਰਤਾਂ ਰੱਖੀਆਂ ਹਨ ਕਿ ਡੇਰਾ ਮੁਖੀ ਰਾਮ ਰਹੀਮ ਨੂੰ ਬਠਿੰਡਾ ਅਤੇ ਹੋਰਨਾਂ ਥਾਵਾਂ ’ਤੇ ਹੋਈਆਂ ਬੇਅਦਬੀਆਂ ਦੇ ਮਾਮਲਿਆਂ ’ਚ ਨਾਮਜ਼ਦ ਕੀਤਾ ਜਾਵੇ ਅਤੇ ਗੋਲੀਕਾਂਡ ਮਾਮਲੇ ’ਚ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਕੀਤੀ ਜਾਵੇ।
PHOTO
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਦੇ ਰੋਸ ਵਜੋਂ ਸਿੱਖਾਂ ਵੱਲੋਂ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕੀਤੇ ਜਾਣ ਦੇ ਬਾਵਜੂਦ ਉਸ ਸਮੇਂ ਦੀ ਹਕੂਮਤ ਨੇ ਸੰਗਤਾਂ ’ਤੇ ਗੋਲੀ ਚਲਾਉਣ ਦੇ ਹੁਕਮ ਦਿੱਤੇ ਸਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸੰਬੰਧੀ ਸਿਆਸੀ ਲੀਡਰਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ।
ਇਸ ਮੌਕੇ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨੇ ਦੱਸਿਆ ਕਿ ਦੇਰ ਰਾਤ ਕੁਝ ਪ੍ਰਸ਼ਾਸਨ ਅਧਿਕਾਰੀਆਂ ਨਾਲ ਮੀਟਿੰਗ ਹੋਈ ਸੀ ਜਿਸ 'ਚ ਉਨ੍ਹਾਂ ਨੇ ਦੋ ਦਿਨ ਦਾ ਸਮਾਂ ਮੰਗਿਆ ਹੈ। ਜਿਸ ਤੋਂ ਬਾਅਦ ਸਿਰਫ਼ ਆਵਾਜਾਈ ਬਹਾਲ ਕੀਤੀ ਗਈ ਹੈ ਪਰ ਧਰਨਾ ਜਾਰੀ ਹੈ। ਜਿਸ ਨੂੰ ਪਹਿਲਾਂ ਵਾਲੇ ਸਥਾਨ 'ਤੇ ਲਾਇਆ ਗਿਆ ਹੈ।