
ਹਰ ਦਿਨ ਹੋ ਰਹੇ ਕਤਲਾਂ ਨੂੰ ਲੈ ਕੇ ਵਿਰੋਧੀ ਆਗੂਆਂ ਨੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ
ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਨੂੰ ਖੁਲ੍ਹਾ ਹੱਥ ਦੇਣ ਦੀ ਗੱਲ ਆਖੀ
ਚੰਡੀਗੜ੍ਹ, 6 ਅਪ੍ਰੈਲ (ਗੁਰਉਪਦੇਸ਼ ਭੁੱਲਰ): ਪੰਜਾਬ ਵਿਚ ਪਿਛਲੇ ਕਈ ਦਿਨਾਂ ਤੋਂ ਕਤਲ ਦੀਆਂ ਲਗਾਤਾਰ ਹੋ ਰਹੀਆਂ ਘਟਨਾਵਾਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਭਗਵੰਤ ਮਾਨ ਸਰਕਾਰ ਦੀ ਆਲੋਚਨਾ ਕਰਨ ਦਾ ਮੌਕਾ ਮਿਲ ਗਿਆ ਹੈ | ਵੱਖ ਵੱਖ ਵਿਰੋਧੀ ਨੇਤਾਵਾਂ ਨੇ ਪ੍ਰਤੀਕਰਮ ਦਿੰਦੇ ਹੋਏ ਸਰਕਾਰ ਨੂੰ ਘੇਰਦਿਆਂ ਟਿਪਣੀਆਂ ਕੀਤੀਆਂ ਹਨ | ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਤਲਾਂ ਦੀਆਂ ਵੱਧ ਰਹੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ | ਪੰਜਾਬ ਪੁਲਿਸ ਅਜਿਹੀ ਸਥਿਤੀ ਨਾਲ ਨਿਪਟਣ ਦੇ ਸਮਰਥ ਹੈ ਪਰ ਉਸ ਨੂੰ ਕਾਰਵਾਈ ਲਈ ਖੁਲ੍ਹਾ ਹੱਥ ਮਿਲਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਮਨ ਸ਼ਾਂਤੀ ਬੜੀਆਂ ਕੁਰਬਾਨੀਆਂ ਬਾਅਦ ਆਈ ਹੈ ਅਤੇ ਇਸ ਨੂੰ ਭੰਗ ਕਰਨ ਦੀ ਕਿਸੇ ਨੂੰ ਵੀ ਆਗਿਆ ਨਹੀਂ ਦਿਤੀ ਜਾਣੀ ਚਾਹੀਦੀ |
ਪੰਜਾਬ ਕਾਂਗਰਸ ਪ੍ਰਧਾਨ ਦਾ ਅਹੁਦਾ ਛੱਡ ਚੁਕੇ ਪ੍ਰਮੁੱਖ ਨੇਤਾ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਵਿਚ ਹਰ ਦਿਨ 2-3 ਕਤਲ ਹੋ ਰਹੇ ਹਨ ਪਰ ਸਾਡੇ ਮੁੱਖ ਮੰਤਰੀ ਵੋਟਾਂ ਬਟੋਰਨ ਲਈ ਹੋਰਨਾਂ ਰਾਜਾਂ ਵਿਚ ਘੁੰਮ ਰਹੇ ਹਨ | ਗੁਜਰਾਤ ਤੋਂ ਬਾਅਦ ਹਿਮਾਚਲ ਵਿਚ ਗਏ ਹਨ | ਅਮਨ ਕਾਨੂੰਨ ਦੀ ਹਾਲਤ ਪੂਰੀ ਤਰ੍ਹਾਂ ਲੜਖੜਾ ਰਹੀ ਹੈ ਅਤੇ ਰਾਜ ਦੇ ਲੋਕਾਂ ਵਿਚ ਡਰ ਤੇ ਦਹਿਸ਼ਤ ਦਾ ਮਾਹੌਲ ਬਣ ਰਿਹਾ ਹੈ | ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਥੋਂ ਤਕ ਨਸੀਹਤ ਦੇ ਦਿਤੀ ਕਿ ਜੇ ਉਸ ਤੋਂ ਸਥਿਤੀ 'ਤੇ ਕੰਟਰੋਲ ਨਹੀਂ ਹੁੰਦਾ ਤਾਂ ਅਹੁਦਾ ਛੱਡ ਕੇ ਪਾਸੇ ਹੋ ਜਾਵੇ | ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਕਿ ਹਰ ਦਿਨ ਕਤਲ ਹੋ ਰਹੇ ਹਨ ਅਤੇ ਗੈਂਗਸਟਰ ਆਰਾਮ ਨਾਲ ਘੁੰਮ ਰਹੇ ਹਨ | ਪਿਛਲੇ ਕੁੱਝ ਹੀ ਦਿਨਾਂ ਵਿਚ 18 ਤੋਂ ਵੱਧ ਕਤਲ ਹੋ ਚੁੱਕੇ ਹਨ ਪਰ ਭਗਵੰਤ ਮਾਨ ਹਿਮਾਚਲ ਦੀਆਂ ਠੰਢੀਆਂ ਵਾਦੀਆਂ ਦਾ ਅਨੰਦ ਲੈ ਰਹੇ ਹਨ | ਉਨ੍ਹਾਂ ਕਿਹਾ ਕਿ ਅਮਨ ਕਾਨੂੰਨ ਦੀ ਸਥਿਤੀ ਨਾਜ਼ੁਕ ਹੋ ਰਹੀ ਹੈ ਅਤੇ ਇਸ ਸਮੇਂ ਮੁੱਖ ਮੰਤਰੀ ਨੂੰ ਗੰਭੀਰ ਹੋ ਕੇ ਸਥਿਤੀ ਨੂੰ ਸੰਭਾਲਣਾ ਚਾਹੀਦਾ ਹੈ | ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵੀ ਚਿੰਤਾ ਪ੍ਰਗਟ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਮਨ ਕਾਨੂੰਨ ਦੀ ਸਥਿਤੀ ਵਲ ਪਹਿਲ ਦੇ ਆਧਾਰ 'ਤੇ ਧਿਆਨ ਦੇਣ ਲਈ ਕਿਹਾ ਹੈ | ਉਨ੍ਹਾਂ 'ਆਪ' ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਵੀ ਚੁੱਕੇ ਹਨ |