
ਨਵਜੋਤ ਸਿੱਧੂ ਨੇ ਸਵੇਰੇ ਹੀ ਸਰਕਾਰ ਤੇ ਪ੍ਰਸ਼ਾਸਨ ਨੂੰ ਦਿੱਤਾ ਸੀ 2 ਦਿਨ ਦਾ ਅਲਟੀਮੇਟਮ
ਪਟਿਆਲਾ : ਪਟਿਆਲਾ ਵਿਖੇ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਕਬੱਡੀ ਕਲੱਬ ਦੇ ਪ੍ਰਧਾਨ ਧਰਮਿੰਦਰ ਸਿੰਘ ਉਰਫ਼ ਭਿੰਦਾ ਦਾ ਗੋਲੀ ਮਾਰ ਕੇ ਕਤਲ ਕਰਨ ਦੇ ਮਾਮਲੇ 'ਚ ਐੱਫਆਈਆਰ ਦਰਜ ਕੀਤੀ ਗਈ ਹੈ। ਇਸ ਮਾਮਲੇ ਸਬੰਧੀ ਪੁਲਿਸ ਵੱਲੋਂ 4 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਿਨ੍ਹਾਂ ਮੁਲਜ਼ਮਾਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ, ਉਨ੍ਹਾਂ 'ਚ ਹਰਵੀਰ ਸਿੰਘ ਪੁੱਤਰ ਦਲਜੀਤ ਸਿੰਘ, ਤੇਜਿੰਦਰ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਪਿੰਡ ਦੌਣ ਕਲਾਂ, ਬੌਨੀ, ਹਰਮਨ ਵਾਸੀ ਪਿੰਡ ਸਾਹਿਬ ਨਗਰ ਥੇੜੀ ਸ਼ਾਮਲ ਹਨ।
ਦੱਸ ਦਈਏ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਸਵੇਰੇ ਹੀ ਪਿੰਡ ਦਾਊਂ ਕਲਾਂ ਸਥਿਤ ਮ੍ਰਿਤਕ ਧਰਮਿੰਦਰ ਸਿੰਘ ਦੇ ਘਰ ਪੁੱਜੇ ਸਨ, ਉਹਨਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ 'ਆਪ' ਸਰਕਾਰ 'ਤੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਪੰਜਾਬ 'ਚ 30 ਦਿਨਾਂ 'ਚ 25 ਦੇ ਕਰੀਬ ਕਤਲ ਹੋ ਚੁੱਕੇ ਹਨ ਅਤੇ ਮੁੱਖ ਮੰਤਰੀ ਆਪਣਾ ਪੰਜਾਬ ਛੱਡ ਕੇ ਦੂਜੇ ਸੂਬਿਆਂ 'ਚ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਨੇ ਕਾਤਲਾਂ ਦੀ ਗ੍ਰਿਫ਼ਤਾਰੀ ਲਈ ਸਰਕਾਰ ਤੇ ਪ੍ਰਸਾਸ਼ਨ ਨੂੰ 2 ਦਿਨਾਂ ਦਾ ਅਲਟੀਮੇਟਮ ਦਿੱਤਾ ਸੀ ਕਿ ਥੋੜ੍ਹੇ ਸਮੇਂ ਬਾਅਦ ਹੀ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰਨ ਦੀ ਖ਼ਬਰ ਸਾਹਮਣੇ ਆ ਜਾਂਦੀ ਹੈ। ਪੁਲਿਸ ਨੇ ਇਸ ਮਾਮਲੇ ਵਿਚ 4 ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ ਹੈ।
ਦਾਉਂ ਕਲਾਂ ਪਹੁੰਚੇ ਨਵਜੋਤ ਸਿੰਘ ਸਿੱਧੂ ਨੇ ਤਾਅਨੇ ਨਾਲ ਸਰਕਾਰ ਨੂੰ ਕਿਹਾ ਕਿ ਪੰਜਾਬ ਨੇ ਬਦਲਾਅ ਕਰਕੇ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚ ਇਸ ਲਈ ਨਹੀਂ ਜਿਤਾਇਆ ਕਿ ਇੱਥੋਂ ਦੇ ਨੌਜਵਾਨਾਂ ਨੂੰ ਇਸ ਤਰ੍ਹਾਂ ਗੋਲੀਆਂ ਨਾਲ ਮਾਰਿਆ ਗਿਆ ਹੈ। ਅੱਜ ਪੰਜਾਬ ਵਿੱਚ ਨਾ ਵਪਾਰੀ ਸੁਰੱਖਿਅਤ ਹਨ ਅਤੇ ਨਾ ਹੀ ਨੌਜਵਾਨ ਅਤੇ ਨਾ ਹੀ ਕਬੱਡੀ ਖਿਡਾਰੀ ਸੁਰੱਖਿਅਤ ਹਨ। ਮ੍ਰਿਤਕ ਧਰਮਿੰਦਰ ਸਿੰਘ ਕਬੱਡੀ ਖਿਡਾਰੀ ਦੇ ਨਾਲ-ਨਾਲ ਕਬੱਡੀ ਟੂਰਨਾਮੈਂਟ ਕਲੱਬ ਦਾ ਮੁਖੀ ਸੀ ਅਤੇ ਜਿੰਮ ਵੀ ਚਲਾ ਰਿਹਾ ਸੀ।
ਨਵਜੋਤ ਸਿੰਘ ਸਿੱਧੂ ਨੇ ਮ੍ਰਿਤਕ ਧਰਮਿੰਦਰ ਦੇ ਪਰਿਵਾਰ ਨੂੰ ਕਿਹਾ ਕਿ ਅਸੀਂ ਅਤੇ ਸਾਡੀ ਪਾਰਟੀ ਤੁਹਾਡੇ ਨਾਲ ਹੈ। ਮੈਂ ਤੁਹਾਨੂੰ ਇਨਸਾਫ ਦਿਵਾਉਣ ਦੀ ਲੜਾਈ ਵਿਚ ਤੁਹਾਡੇ ਨਾਲ ਖੜ੍ਹਾ ਹਾਂ। ਤੁਹਾਡੀ ਪੱਗ ਮੇਰੀ ਪੱਗ ਇਕੋ ਹੈ। ਪਿਤਾ ਦੇ ਹੁੰਦਿਆਂ ਪੁੱਤਰ ਦੇ ਤੁਰ ਜਾਣ ਤੋਂ ਵੱਡਾ ਦੁੱਖ ਦੁਨੀਆ 'ਚ ਕੋਈ ਨਹੀਂ।
ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਨਕਾਬਪੋਸ਼ ਨੌਜਵਾਨਾਂ ਵੱਲੋਂ ਕਬੱਡੀ ਖਿਡਾਰੀ ਧਰਮਿੰਦਰ ਸਿੰਘ ਨੂੰ ਬੀਤੇ ਦਿਨੀਂ ਗੋਲੀ ਮਾਰ ਦਿੱਤੀ ਗਈ ਸੀ ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਧਰਮਿੰਦਰ ਸਿੰਘ ਉਰਫ਼ ਭਿੰਦਾ ਪਿੰਡ ਦਾਊਂ ਕਲਾਂ ਦੇ ਕਬੱਡੀ ਕਲੱਬ ਦਾ ਪ੍ਰਧਾਨ ਵੀ ਸੀ ਅਤੇ ਖੇਡਾਂ ਨੂੰ ਪ੍ਰਮੋਟ ਕਰਨ ਵਿਚ ਅਹਿਮ ਯੋਗਦਾਨ ਪਾ ਰਿਹਾ ਸੀ।