
ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਨਹੀਂ ਬਣਿਆ ਰਾਹ, ਫ਼ਿਲਹਾਲ ਸੇਵਾਵਾਂ ਵਿਚ ਕੀਤਾ ਵਾਧਾ
ਚੰਡੀਗੜ੍ਹ, 6 ਅਪ੍ਰੈਲ (ਸੁਰਜੀਤ ਸਿੰਘ ਸੱਤੀ): ਪੰਜਾਬ ਸਰਕਾਰ 'ਚ ਠੇਕਾ ਆਧਾਰ 'ਤੇ ਕੰਮ ਕਰਦੇ ਹਜ਼ਾਰਾਂ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਰਾਹ ਅਜੇ ਪਧਰਾ ਨਹੀਂ ਹੋ ਸਕਿਆ | ਪਿਛਲੇ ਕੁੱਝ ਸਾਲਾਂ ਤੋਂ ਇਨ੍ਹਾਂ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਇਕ-ਇਕ ਸਾਲ ਲਈ ਅੱਗੇ ਜਾਰੀ ਰਖਿਆ ਜਾ ਰਿਹਾ ਹੈ | ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ 35 ਹਜ਼ਾਰ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਫ਼ਿਲਹਾਲ ਅਜਿਹਾ ਨਹੀਂ ਕੀਤਾ ਜਾ ਰਿਹਾ ਤੇ ਪਿਛਲੀਆਂ ਸਰਕਾਰਾਂ ਵਾਂਗ ਹੀ ਇਸ ਸਾਲ ਵੀ ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਵਿਚ ਮੁੜ ਇਕ ਸਾਲ ਦਾ ਵਾਧਾ ਹੀ ਕੀਤਾ ਗਿਆ ਹੈ |
ਆਮ ਰਾਜ ਪ੍ਰਬੰਧ ਵਿਭਾਗ ਵਲੋਂ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਪੱਤਰ ਜਾਰੀ ਕਰ ਕੇ ਕਿਹਾ ਗਿਆ ਹੈ ਕਿ 27 ਅਪ੍ਰੈਲ 2017 ਦੇ ਪੱਤਰ ਮੁਤਾਬਕ ਅਜੇ ਤਕ ਨਹੀਂ ਭਰੀਆਂ ਗਈਆਂ ਰੈਗੁਲਰ ਅਸਾਮੀਆਂ ਦੀ ਥਾਂ 'ਤੇ ਠੇਕਾ ਆਧਾਰ 'ਤੇ ਕੰਮ ਕਰ ਰਹੇ ਮੁਲਾਜ਼ਮਾਂ ਦੀਆਂ ਸੇਵਾਵਾਂ ਵਿਚ ਸਬੰਧਤ ਵਿਭਾਗ 31 ਮਾਰਚ 2023 ਤਕ ਜਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਕਾਨੂੰਨ ਹੋਂਦ ਵਿਚ ਆਉਣ ਤਕ ਵਾਧਾ ਕੀਤਾ ਜਾਵੇ, ਜੇਕਰ ਇਨ੍ਹਾਂ ਰੈਗੂਲਰ ਅਸਾਮੀਆਂ 'ਤੇ ਰੈਗੁਲਰ ਭਰਤੀ ਕੀਤੇ ਜਾਣ ਤਕ ਮੁਲਾਜ਼ਮਾਂ ਦੀ ਲੋੜ ਹੈ | ਕੁਲ ਮਿਲਾ ਕੇ ਪੰਜਾਬ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਅਜੇ ਤਕ ਕੋਈ ਕਾਨੂੰਨ ਨਹੀਂ ਬਣਾ ਸਕੀ ਤੇ ਅਜਿਹੇ ਵਿਚ ਇਨ੍ਹਾਂ ਦੀਆਂ ਸੇਵਾਵਾਂ ਵਿਚ ਇਕ ਸਾਲ ਦਾ ਵਾਧਾ ਕੀਤਾ ਗਿਆ ਹੈ |