
ਲੂੰਬੜੀ ਦੇ ਹਮਲੇ 'ਚ ਅਮਰੀਕਾ ਦੇ ਸੰਸਦ ਮੈਂਬਰ ਐਮੀ ਬੇਰਾ ਜ਼ਖ਼ਮੀ
ਵਾਸ਼ਿੰਗਟਨ, 6 ਅਪ੍ਰੈਲ : ਅਮਰੀਕਾ ਦੇ ਕੈਪੀਟਲ ਹਿੱਲ (ਯੂ.ਐਸ. ਪਾਰਲੀਮੈਂਟ ਹਾਊਸ) 'ਚ ਇਕ ਲੂੰਬੜੀ ਨੇ ਸੰਸਦ ਮੈਂਬਰ ਐਮੀ ਬੇਰਾ 'ਤੇ ਹਮਲਾ ਕਰ ਦਿਤਾ | ਡੀ-ਕੈਲੀਫ਼ੋਰਨੀਆ ਦੇ ਸੰਸਦ ਮੈਂਬਰ ਐਮੀ ਬੇਰਾ ਦਾ ਕੈਪੀਟਲ ਹਿੱਲ 'ਚ ਇਕ ਲੂੰਬੜੀ ਨਾਲ ਸਾਹਮਣਾ ਹੋਇਆ ਅਤੇ ਇਸ ਦੌਰਾਨ ਉਨ੍ਹਾਂ ਨੂੰ ਕੱੁਝ ਸੱਟਾਂ ਲੱਗੀਆਂ | ਇਸ ਮਗਰੋਂ ਡਾਕਟਰਾਂ ਨੇ ਉਨ੍ਹਾਂ ਨੂੰ ਸਾਵਧਾਨੀ ਦੇ ਤੌਰ 'ਤੇ ਚਾਰ 'ਰੇਬੀਜ਼' ਟੀਕੇ ਲਗਵਾਉਣ ਲਈ ਕਿਹਾ ਹੈ |
ਬੇਰਾ ਨੇ ਕਿਹਾ ਕਿ ਜਿਵੇਂ ਹੀ ਉਹ ਸੈਨੇਟ ਦਫ਼ਤਰ ਦੀ ਇਕ ਇਮਾਰਤ ਤੋਂ ਲੰਘੇ, ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦੇ ਪਿਛੇ ਕੱੁਝ ਹੈ | ਉਨ੍ਹਾਂ ਸੋਚਿਆ ਕਿ ਕੋਈ ਛੋਟਾ ਕੁੱਤਾ ਹੈ ਅਤੇ ਉਨ੍ਹਾਂ ਅਪਣੀ ਛਤਰੀ ਦੀ ਮਦਦ ਨਾਲ ਉਸ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਜਲਦੀ ਹੀ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਲੂੰਬੜੀ ਨਾਲ ਉਲਝ ਗਿਆ ਹੈ | ਬੇਰਾ ਨੂੰ ਲੂੰਬੜੀ ਨਾਲ ਉਲਝਦਾ ਦੇਖ ਕੇ ਉਥੇ ਮੌਜੂਦ ਇਕ ਵਿਅਕਤੀ ਨੇ ਰੌਲਾ ਪਾ ਦਿਤਾ ਅਤੇ ਹੋਰ ਲੋਕਾਂ ਨੂੰ ਬੁਲਾਇਆ | ਯੂਐਸ ਕੈਪੀਟਲ ਪੁਲਿਸ ਅਧਿਕਾਰੀਆਂ ਦੇ ਮੌਕੇ 'ਤੇ ਪਹੁੰਚਣ 'ਤੇ ਲੂੰਬੜੀ ਭੱਜ ਗਈ | ਇਸ ਤੋਂ ਬਾਅਦ ਇਕ ਡਾਕਟਰ ਨੇ ਬੇਰਾ ਦੀ ਜਾਂਚ ਕੀਤੀ, ਜਿਸ ਨੂੰ ਉਸ ਦੇ ਸਰੀਰ 'ਤੇ ਕੱੁਝ ਝਰੀਟਾਂ ਮਿਲੀਆਂ | ਉਨ੍ਹਾਂ ਬੇਰਾ ਨੂੰ ਸਾਵਧਾਨੀ ਵਜੋਂ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ | ਬੇਰਾ ਨੇ ਦਸਿਆ ਕਿ ਇਸ ਤੋਂ ਬਾਅਦ ਉਹ 'ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ' ਗਿਆ ਅਤੇ ਚਾਰ ਟੀਕਿਆਂ ਵਿਚੋਂ ਪਹਿਲਾ ਟੀਕਾ ਲਗਵਾਇਆ | ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਵਿਚ ਕੈਪੀਟਲ ਹਿੱਲ 'ਤੇ ਇਹ ਮੇਰਾ ਸੱਭ ਤੋਂ ਅਸਾਧਾਰਨ ਦਿਨ ਸੀ | ਕੈਪੀਟਲ ਪੁਲਿਸ ਨੇ ਕੈਂਪਸ ਵਿਚ ਲੂੰਬੜੀ ਦੇ ਫੜੇ ਜਾਣ ਦੀਆਂ ਕੱੁਝ ਤਸਵੀਰਾਂ ਵੀ ਟਵਿੱਟਰ 'ਤੇ ਸਾਂਝੀਆਂ ਕੀਤੀਆਂ | (ਏਜੰਸੀ)