
2024 'ਚ ਮੂਸੇਵਾਲਾ ਦੇ ਪਰਿਵਾਰ ਦੀ ਸੁਰੱਖਿਆ ਲਈ ਸੀ ਤਾਇਨਾਤ
Punjab News: ਬਰਖ਼ਾਸਤ ਮਹਿਲਾ ਕਾਂਸਟੇਬਲ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਪਹਿਲਾਂ ਵੀ ਵਿਵਾਦਾਂ ’ਚ ਰਹਿ ਚੁੱਕੀ ਹੈ। 2024 'ਚ ਮਰਹੂਮ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ ਸੁਰੱਖਿਆ ਲਈ ਉਸ ਨੂੰ ਤਾਇਨਾਤ ਕੀਤਾ ਸੀ, ਪਰ ਡਿਊਟੀ ਦੌਰਾਨ ਵਰਤੀ ਲਾਪਰਵਾਹੀ ਕਾਰਨ ਪਰਿਵਾਰ ਦੀ ਸੁਰੱਖਿਆ ਖ਼ਤਰੇ 'ਚ ਪਾ ਦਿੱਤੀ ਸੀ। ਇਸ ਸਬੰਧੀ ਮਾਨਸਾ ਦੇ SSP ਨੂੰ ਸ਼ਿਕਾਇਤ ਕੀਤੀ ਸੀ। ਜਿਸ ਮਗਰੋਂ ਅਮਨਦੀਪ ਤੋਂ ਸੁਰੱਖਿਆ ਜ਼ਿੰਮੇਵਾਰੀ ਵਾਪਸ ਲੈ ਲਈ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਦਾ ਸਾਥੀ ਬਲਵਿੰਦਰ ਸਿੰਘ ਵੀ ਰੋਜ਼ਾਨਾ ਮੂਸੇਵਾਲਾ ਦੀ ਹਵੇਲੀ ਆਉਂਦਾ ਸੀ।
ਗ੍ਰਿਫ਼ਤਾਰੀ ਤੋਂ ਬਾਅਦ ਬਠਿੰਡਾ ਪੁਲਿਸ ਅਮਨਦੀਪ ਕੌਰ ਨੂੰ ਤਿੰਨ ਵਾਰ ਪੁਲਿਸ ਰਿਮਾਂਡ ’ਤੇ ਲੈ ਚੁੱਕੀ ਹੈ ਅਤੇ ਹਰ ਵਾਰ ਅਦਾਲਤ ’ਚ ਦਾਅਵਾ ਕਰ ਰਹੀ ਹੈ ਕਿ ਪੁਲਿਸ ਨੂੰ ਕੁਝ ਮਹੱਤਵਪੂਰਨ ਜਾਣਕਾਰੀ ਮਿਲੀ ਹੈ ਪਰ ਅਮਨਦੀਪ ਕੌਰ ਨੇ ਜੋ ਖੁਲਾਸਾ ਕੀਤਾ ਹੈ, ਉਸ ਬਾਰੇ ਕੋਈ ਵੀ ਪੁਲਿਸ ਅਧਿਕਾਰੀ ਕੁਝ ਵੀ ਦੱਸਣ ਲਈ ਤਿਆਰ ਨਹੀਂ ਹੈ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੁਲਿਸ ਅਜੇ ਤੱਕ ਇਹ ਖੁਲਾਸਾ ਨਹੀਂ ਕਰ ਸਕੀ ਹੈ ਕਿ ਅਮਨਦੀਪ ਕੌਰ ਹੈਰੋਇਨ ਕਿੱਥੋਂ ਲਿਆਉਂਦੀ ਸੀ ਅਤੇ ਕਿਸ ਨੂੰ ਵੇਚਦੀ ਸੀ ਅਤੇ ਉਹ ਇਹ ਕੰਮ ਕਿੰਨੇ ਸਮੇਂ ਤੋਂ ਕਰ ਰਹੀ ਸੀ। ਇਸ ਕੰਮ ਵਿਚ ਉਸ ਦੀ ਮਦਦ ਕੌਣ ਕਰ ਰਿਹਾ ਹੈ?
ਅਮਨਦੀਪ ਕੌਰ ਤੋਂ ਐੱਸਐੱਸਪੀ ਅਮਨੀਤ ਕੌਂਡਲ ਅਤੇ ਚੰਡੀਗੜ੍ਹ ਦੀ ਵਿਸ਼ੇਸ਼ ਟੀਮ ਨੇ ਵੀ ਪੁੱਛਗਿੱਛ ਕੀਤੀ ਹੈ। ਪੁਲਿਸ ਨੇ ਅਮਨਦੀਪ ਕੌਰ ਦੇ ਘਰ ਦੀ ਵੀ ਦੋ ਵਾਰ ਤਲਾਸ਼ੀ ਲਈ ਹੈ ਪਰ ਉਨ੍ਹਾਂ ਨੂੰ ਉੱਥੇ ਕੋਈ ਸ਼ੱਕੀ ਚੀਜ਼ ਨਹੀਂ ਮਿਲੀ। ਪੁਲਿਸ ਦਾ ਕਹਿਣਾ ਹੈ ਕਿ ਇੱਥੇ ਕੁਝ ਵੀ ਇਤਰਾਜ਼ਯੋਗ ਨਹੀਂ ਮਿਲਿਆ।
ਪੁਲਿਸ ਨੇ ਇਸ ਮਾਮਲੇ ਵਿਚ ਅਮਨਦੀਪ ਕੌਰ ਦੇ ਦੋਸਤ ਬਲਵਿੰਦਰ ਸਿੰਘ ਉਰਫ਼ ਸੋਨੂੰ ਵਾਸੀ ਸਿਰਸਾ, ਹਰਿਆਣਾ ਨੂੰ ਨਾਮਜ਼ਦ ਕੀਤਾ ਹੈ ਪਰ ਤਿੰਨ ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਉਸ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ, ਜਦੋਂ ਕਿ ਉਸ ਨੇ ਪੁਲਿਸ ਦੇ ਸਾਹਮਣੇ ਅਦਾਲਤ ਦੇ ਅਹਾਤੇ ਵਿਚ ਆਪਣੀ ਪਤਨੀ ਦੀ ਕੁੱਟਮਾਰ ਕੀਤੀ ਅਤੇ ਭੱਜ ਗਿਆ। ਸੂਤਰ ਦੱਸਦੇ ਹਨ ਕਿ ਜਦੋਂ ਮਾਨਸਾ ਦੇ ਪਿੰਡ ਮੂਸਾ ਸਥਿਤ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਮਹਿਲਾ ਪੁਲਿਸ ਮੁਲਾਜ਼ਮ ਤਾਇਨਾਤ ਸੀ, ਉੱਥੇ ਵੀ ਬਲਵਿੰਦਰ ਸਿੰਘ ਉਰਫ਼ ਸੋਨੂੰ ਉਸ ਕੋਲ ਆਉਂਦਾ ਰਹਿੰਦਾ ਸੀ।
ਸੂਤਰਾਂ ਨੇ ਦੱਸਿਆ ਕਿ ਜਦੋਂ ਬਲਵਿੰਦਰ ਸਿੰਘ ਉਰਫ਼ ਸੋਨੂੰ ਇਨੋਵਾ ਕਾਰ ਨੂੰ ਐਂਬੂਲੈਂਸ ਬਣਾ ਕੇ ਚਲਾਉਂਦਾ ਸੀ, ਉਸ ਸਮੇਂ ਸੋਨੂੰ ਦੀ ਮਹਿਲਾ ਪੁਲਿਸ ਮੁਲਾਜ਼ਮ ਨਾਲ ਜਾਣ-ਪਛਾਣ ਵਧ ਗਈ। ਜਦੋਂ ਸੋਨੂੰ ਉਕਤ ਮਹਿਲਾ ਪੁਲਿਸ ਮੁਲਾਜ਼ਮ ਦੇ ਸੰਪਰਕ ਵਿਚ ਆਇਆ ਤਾਂ ਉਹ ਉਸ ਨਾਲ ਪੱਕੇ ਤੌਰ ’ਤੇ ਰਹਿਣ ਲੱਗ ਪਿਆ।