
ਪਰਿਵਾਰ ਨੇ ਕੀਤੀ ਇਨਸਾਫ ਦੀ ਮੰਗ
ਮੋਹਾਲੀ : ਮੋਹਾਲੀ ਦੇ ਪਿੰਡ ਬਲੌਂਗੀ ਦੇ 20 ਸਾਲਾ ਬਲਰਾਜ ਸਿੰਘ ਦੀ ਡਿਊਟੀ ਦੌਰਾਨ ਜਹਾਜ਼ ’ਤੇ ਭੇਦਭਰੇ ਹਾਲਤ ’ਚ ਮੌਤ ਹੋਣ ਦੀ ਸੂਚਨਾ ਮਿਲੀ ਹੈ। ਮਰਚੇਂਟ ਨੇਵੀ ਦੇ ਅਧਿਕਾਰੀਆਂ ਨੇ ਪਰਿਵਾਰ ਨੂੰ ਦੱਸਿਆ ਕਿ ਬਲਰਾਜ ਨੇ ਜਹਾਜ਼ ’ਚ ਫਾਂਸੀ ਲਾ ਕੇ ਖੁਦਕੁਸ਼ੀ ਕਰ ਲਈ।
ਪਰਿਵਾਰ ਨੇ ਲਗਾਏ ਇਲਜਾਮ
ਉਧਰ ਪਰਿਵਾਰ ਦਾ ਕਹਿਣਾ ਹੈ ਕਿ ਬਲਰਾਜ ਕੋਲ ਖੁਦਕੁਸ਼ੀ ਕਰਨ ਦੀ ਕੋਈ ਵਜ੍ਹਾ ਨਹੀਂ ਸੀ। ਬਲਰਾਜ ਸਿੰਘ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਅਤੇ ਉਸਨੇ ਇਕ ਨਿੱਜੀ ਸਕੂਲ ਤੋਂ 90 ਫ਼ੀਸਦੀ ਅੰਕਾਂ ਨਾਲ ਬਾਰ੍ਹਵੀਂ ਪਾਸ ਕੀਤੀ ਸੀ। 16 ਮਾਰਚ ਨੂੰ, ਜਿਸ ਦਿਨ ਉਸਦੀ ਮੌਤ ਹੋਈ ਦੱਸ ਰਹੇ ਹਨ, ਉਸ ਦਿਨ ਸਵੇਰੇ ਬਲਰਾਜ ਨੇ ਆਪਣੇ ਪਰਿਵਾਰ ਨਾਲ ਵੀਡੀਓ ਕਾਲ 'ਤੇ ਗੱਲ ਕੀਤੀ ਸੀ। ਉਸਦੀ ਗੱਲਬਾਤ 'ਚ ਕੋਈ ਵੀ ਇਸ਼ਾਰਾ ਨਹੀਂ ਸੀ ਕਿ ਉਹ ਕਿਸੇ ਤਣਾਅ 'ਚ ਹੈ ਜਾਂ ਖੁਦਕੁਸ਼ੀ ਵਾਂਗਾ ਕੋਈ ਕਦਮ ਚੁੱਕ ਸਕਦਾ ਹੈ।
ਪੋਸਟਮਾਰਟਮ ਤੋਂ ਬਾਅਦ ਅੰਤਮ ਸਸਕਾਰ
ਬਲਰਾਜ ਦਾ ਸਰੀਰ ਸੋਮਵਾਰ ਨੂੰ ਮੁਹਾਲੀ ਲਿਆਂਦਾ ਗਿਆ, ਜਿੱਥੇ ਸਿਵਲ ਹਸਪਤਾਲ ਫੇਜ਼-6 'ਚ ਪੋਸਟਮਾਰਟਮ ਤੋਂ ਬਾਅਦ ਬਲੌਂਗੀ ਦੇ ਸ਼ਮਸ਼ਾਨਘਾਟ 'ਚ ਅੰਤਿਮ ਸੰਸਕਾਰ ਕੀਤਾ ਗਿਆ।