
to ਕੈਪਟਨ ਨੇ ਮੋਦੀ ਨੂੰ ਤਾਲਾਬੰਦੀ 'ਚੋਂ ਬਾਹਰ ਨਿਕਲਣ ਦੀ ਰਣਨੀਤੀ ਲਈ ਆਖਿਆ ਰਣਨੀਤੀ ਵਿਚ ਅਰਥਚਾਰੇ ਨੂੰ ਮੁੜ ਲੀਹ 'ਤੇ ਤੋਰਨ ਲਈ ਸਪੱਸ਼ਟਤਾ ਨਾਲ ਪ੍ਰਗਟਾਵਾ ਕੀਤਾ ਜਾਵੇ
ਚੰਡੀਗੜ੍ਹ, 7 ਮਈ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਪਾਸੋਂ ਲਾਕਡਾਊਨ 3.0 ਤੋਂ ਬਾਹਰ ਨਿਕਲਣ ਦੀ ਰਣਨੀਤੀ ਅਤੇ ਮੁਲਕ ਦੇ ਅਰਥਚਾਰੇ ਨੂੰ ਪੈਰਾਂ-ਸਿਰ ਕਰਨ ਲਈ ਅੱਗੇ ਵਧਣ ਦੇ ਰਸਤੇ ਦਾ ਸਪੱਸ਼ਟਤਾ ਨਾਲ ਪ੍ਰਗਟਾਵਾ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸੂਬਿਆਂ ਨੂੰ ਦਰਪੇਸ਼ ਮਾਲੀ ਘਾਟੇ ਦੀ ਪੂਰਤੀ ਅਤੇ ਕੋਵਿਡ-19 ਦੀ ਰੋਕਥਾਮ ਅਤੇ ਪ੍ਰਬੰਧਨ ਲਈ ਸਿਹਤ ਸੰਭਾਲ ਤੇ ਰਾਹਤ ਮੁਹੱਈਆ ਕਰਵਾਉਣ 'ਤੇ ਹੋ ਰਹੇ ਵਧੇਰੇ ਖਰਚਿਆਂ ਦੇ ਇਵਜ਼ ਵਿਚ ਤਿੰਨ ਮਹੀਨਿਆਂ ਲਈ ਮਾਲੀ ਗਰਾਂਟ ਦੇਣ ਦੀ ਮੰਗ ਨੂੰ ਵੀ ਦੁਹਰਾਇਆ।
ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿੱਚ ਮੁੱਖ ਮੰਤਰੀ ਨੇ ਕਿਹਾ, 'ਲਾਕਡਾਊਨ 'ਚੋਂ ਬਾਹਰ ਨਿਕਲਣ ਦੀ ਰਣਨੀਤੀ ਨਾ ਸਿਰਫ ਸੁਰੱਖਿਆ ਸੀਮਾਵਾਂ ਵਿਚ ਰਹਿੰਦਿਆਂ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਪੈਮਾਨੇ ਤੈਅ ਕਰ ਸਕਦੀ ਹੈ ਸਗੋਂ ਆਰਥਿਕ ਪੁਨਰ ਸੁਰਜੀਤੀ ਲਈ ਰਸਤੇ ਨੂੰ ਵੀ ਨਿਰਧਾਰਤ ਕਰ ਸਕਦੀ ਹੈ। ਇਸ ਰਣਨੀਤੀ ਨੂੰ ਸੂਬਿਆਂ ਦੇ ਵਿੱਤੀ ਅਤੇ ਆਰਥਿਕ ਸਸ਼ਕਤੀਕਰਨ ਲਈ ਵਿਚਾਰਨ ਅਤੇ ਇਕਾਗਰ ਕਰਨਾ ਚਾਹੀਦਾ ਹੈ।''
ਮੁੱਖ ਮੰਤਰੀ ਨੇ ਮਾਲੀਆ ਗਰਾਂਟ ਦੀ ਮੰਗ ਨੂੰ ਉਠਾਉਣ ਤੋਂ ਇਲਾਵਾ ਕੇਂਦਰ ਸਰਕਾਰ ਨੂੰ 15ਵੇਂ ਵਿੱਤ ਕਮਿਸ਼ਨ ਦੁਆਰਾ ਮੌਜੂਦਾ ਸਾਲ ਲਈ ਆਪਣੀ ਰਿਪੋਰਟ ਦੀ ਸਮੀਖਿਆ ਕਰਨ ਦੀ ਹਦਾਇਤ ਦੇਣ ਲਈ ਆਖਿਆ ਗਿਆ ਹੈ ਕਿਉਂ ਜੋ ਕੋਵਿਡ-19 ਦੇ ਕਾਰਨ ਸਥਿਤੀ ਪੂਰੀ ਤਰ੍ਹਾਂ ਬਦਲ ਚੁੱਕੀ ਹੈ। ਉਨ੍ਹਾਂ ਕਿਹਾ ਕਿ 15ਵੇਂ ਵਿੱਤ ਕਮਿਸ਼ਨ ਨੂੰ ਕੋਵਿਡ-19 ਦੇ ਪ੍ਰਭਾਵ ਦਾ ਲੇਖਾ-ਜੋਖਾ ਕਰਨ ਤੋਂ ਬਾਅਦ ਪੰਜ ਸਾਲਾਂ ਲਈ ਫੰਡ ਦੀ ਵੰਡ ਸਾਲ 2020 ਦੀ ਬਜਾਏ ਇਕ ਅਪ੍ਰੈਲ, 2021 ਤੋਂ ਕਰਨੀ ਚਾਹੀਦੀ ਹੈ।
ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਗਈ ਕਿ ਵੱਖ-ਵੱਖ ਮੰਤਰਾਲਿਆਂ ਨੂੰ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਜਾਣ ਤਾਂ ਜੋ 17 ਮਈ ਨੂੰ ਖ਼ਤਮ ਹੋ ਰਹੇ ਤੀਜੇ ਲਾਕਡਾਊਨ ਤੋਂ ਬਾਅਦ ਦੇ ਸਮੇਂ ਲਈ ਰਾਜ ਸਪੱਸ਼ਟ ਨੀਤੀ ਘੜ ਸਕਣ ਅਤੇ ਨਿਸ਼ਚਿਤ ਦਿਸ਼ਾ ਵਿੱਚ ਕੰਮ ਕਰਨ ਦੇ ਯੋਗ ਹੋ ਸਕਣ। ਮੁੱਖ ਮੰਤਰੀ ਨੇ ਕਿਹਾ ਕਿ ਅਜਿਹਾ ਕਰਨਾ ਜ਼ਰੂਰੀ ਹੈ ਕਿਉਂ ਜੋ ਕੋਵਿਡ-19 ਅਤੇ ਇਸ ਕਰ ਕੇ ਵੱਖ-ਵੱਖ ਪੜਾਵਾਂ ਵਿੱਚ ਲਗਾਏ ਗਏ ਲਾਕਡਾਊਨ ਸਦਕਾ ਵੱਡੇ ਪੱਧਰ 'ਤੇ ਰੁਜ਼ਗਾਰ ਖੁੱਸਣ ਅਤੇ ਵਪਾਰ ਅਤੇ ਆਰਥਿਕ ਮੌਕਿਆਂ ਨੂੰ ਭਾਰੀ ਸੱਟ ਵੱਜੇਗੀ ਜਦਕਿ ਇਸਦਾ ਅਸਲ ਪ੍ਰਭਾਵ ਹਾਲੇ ਸਾਹਮਣੇ ਆਉਣਾ ਬਾਕੀ ਹੈ।
ਉਨ੍ਹਾਂ ਕਿਹਾ ਕਿ ਇਹ ਜ਼ਾਹਰਾ ਤੱਥ ਹੈ ਕਿ ਇਸ ਨਾਲ ਆਰਥਿਕਤਾ ਨੂੰ ਭਾਰੀ ਸੱਟ ਵੱਜੀ ਹੈ ਅਤੇ ਕੁੱਲ ਘਰੇਲੂ ਉਤਪਾਦ ਵੀ ਨਹੀਂ ਵਧੇਗਾ। ਮੁੱਖ ਮੰਤਰੀ ਨੇ ਕਿਹਾ ਕਿ ਅਪਰੈਲ, 2020 ਦੌਰਾਨ ਪੰਜਾਬ ਨੂੰ ਹੋਣ ਵਾਲੀ ਆਮਦਨ 88 ਫੀਸਦ ਤੱਕ ਥੱਲੇ ਜਾ ਚੁੱਕੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਗ਼ਰੀਬ ਵਰਗ ਸੱਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ ਅਤੇ ਉਨ੍ਹਾਂ ਦੇ ਸਮਾਜਕ-ਆਰਥਕ ਜੀਵਨ 'ਤੇ ਇਸ ਸਦਕਾ ਬਹੁਤ ਨਾਂਹ-ਪੱਖੀ ਅਸਰ ਪਏ ਹਨ। ਗਰੀਬੀ, ਭੁੱਖ ਅਤੇ ਸਿਹਤ ਵਿਗਾੜ ਦੇ ਖ਼ਤਰੇ ਹੁਣ ਸੱਭ ਤੋਂ ਪ੍ਰਮੁੱਖ ਹਨ। ਜੇਕਰ ਆਮ ਲੋਕਾਂ ਦੇ ਜੀਵਨ ਦੇ ਸਮਾਜਕ-ਆਰਥਕ ਪਹਿਲੂਆਂ ਨੂੰ ਮੁੜ ਲੀਹ 'ਤੇ ਨਾ ਲਿਆਂਦਾ ਗਿਆ ਤਾਂ ਇਸ ਨਾਲ ਸਮਾਜ ਅੰਦਰ ਮਨੋਵਿਗਿਆਨਕ ਵਿਗਾੜ ਪੈਦਾ ਹੋਣਗੇ। ਨੌਕਰੀਆਂ ਖੁੱਸਣ ਅਤੇ ਰੁਜ਼ਗਾਰ ਦੇ ਮੌਕੇ ਹੱਥੋਂ ਨਿਕਲਣ ਕਾਰਨ ਸਾਡੇ ਸਮਾਜ ਅੰਦਰ ਨਾਗਰਿਕ ਅਧਿਕਾਰਾਂ ਅਤੇ ਬਰਾਬਰ ਮੌਕਿਆਂ ਦੇ ਸਿਧਾਂਤਾ 'ਤੇ ਵੀ ਨਾਕਾਰਾਤਮਕ ਅਸਰ ਹੋਣਗੇ। ਉਨ੍ਹਾਂ ਕਿਹਾ ਕਿ ਇਹ ਸੱਭ ਅੱਜ ਦੇ ਸਮੇਂ ਦੇ ਕੌੜੇ ਸੱਚ ਹਨ।
ਇਸੇ ਦੌਰਾਨ ਮੁੱਖ ਮੰਤਰੀ ਵਲੋਂ ਪ੍ਰਧਾਨ ਮੰਤਰੀ ਨੂੰ ਭਰੋਸਾ ਦਿਵਾਇਆ ਗਿਆ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਜਾਨਾਂ ਨੂੰ ਸੁਰੱਖਿਅਤ ਰੱਖਣ ਲਈ ਇਸ ਖ਼ਤਰਨਾਕ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਖ਼ਾਤਰ ਹਰ ਸੰਭਵ ਯਤਨ ਕਰ ਰਹੀ ਹੈ।