
ਗੁਰਦਵਾਰਾ ਸ੍ਰੀ ਮੋਤੀ ਬਾਗ਼ ਸਾਹਿਬ ਵਿਖੇ ਮਰੀਜ਼ਾਂ ਨੂੰ ਮੁਹਈਆ ਹੋਵੇਗੀ ਆਕਸੀਜਨ
ਦੀਵਾਨ ਹਾਲ ’ਚ ਮਰੀਜ਼ਾਂ ਲਈ ਲਗਾਏ ਜਾਣਗੇ 25 ਬੈੱਡ
ਪਟਿਆਲਾ, 6 ਮਈ (ਜਸਪਾਲ ਸਿੰਘ ਢਿੱਲੋਂ) : ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਛੋਹ ਅਸਥਾਨ ਗੁਰਦੁਆਰਾ ਸ੍ਰੀ ਮੋਤੀ ਬਾਗ਼ ਸਾਹਿਬ ਦੇ ਦੀਵਾਨ ਹਾਲ ਵਿਖੇ ਹੁਣ ਮਰੀਜ਼ਾਂ ਨੂੰ ਜਲਦ ਹੀ ਆਕਸੀਜਨ ਮੁਹਈਆ ਕੀਤੀ ਜਾਣ ਲੱਗੇਗੀ ਜਿਸ ਦੀਆਂ ਤਿਆਰੀਆਂ ਆਰੰਭ ਕਰ ਦਿਤੀਆਂ ਗਈਆਂ ਹਨ। ਇਸ ਸਬੰਧੀ ਅੱਜ ਅੰਤ੍ਰਿੰਗ ਕਮੇਟੀ ਮੈਂਬਰ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਅਤੇ ਗੁਰਦੁਆਰਾ ਪ੍ਰਬੰਧਕਾਂ ਨੇ ਤਿਆਰੀਆਂ ਸਬੰਧੀ ਸਮੀਖਿਆ ਕੀਤੀ ਅਤੇ ਰੂਪ ਰੇਖਾ ਉਲੀਕ ਲਈ ਗਈ ਹੈ।
ਗੁਰਦਵਾਰਾ ਮੋਤੀ ਬਾਗ਼ ਸਾਹਿਬ ਦੇ ਦੀਵਾਨ ਹਾਲ ਵਿਖੇ ਮਰੀਜ਼ਾਂ ਨੂੰ ਆਕਸੀਜਨ ਲੰਗਰ ਮੁਹਈਆ ਕਰਵਾਉਣ ਲਈ 25 ਦੇ ਕਰੀਬ ਬੈੱਡ ਲਗਾਏ ਜਾਣ ਤੋਂ ਇਲਾਵਾ ਮੈਡੀਕਲ ਸੇਵਾਵਾਂ ਵੀ ਮੁਹਈਆ ਕੀਤੀਆਂ ਜਾਣਗੀਆਂ। ਇਸ ਸਬੰਧੀ ਜਾਣਕਾਰੀ ਅੰਤ੍ਰਿੰਗ ਕਮੇਟੀ ਮੈਂਬਰ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਨੇ ਤਿਆਰੀਆਂ ਦਾ ਜਾਇਜ਼ਾ ਲੈਣ ਮੌਕੇ ਦਿਤੀ। ਉਨ੍ਹਾਂ ਕਿਹਾ ਕਿ ਕਰੋਨਾ ਦੀ ਲਪੇਟ ’ਚ ਆਏ ਮਰੀਜ਼ਾਂ ਨੂੰ ਆਕਸੀਜਨ ਦੀ ਘਾਟ ਕਾਰਨ ਅਪਣੀ ਜਾਨ ਗਵਾਉਣੀ ਪੈ ਰਹੀ ਹੈ। ਇਸ ਕਰ ਕੇ ਸ਼੍ਰੋਮਣੀ ਕਮੇਟੀ ਨੇ ਖ਼ੁਦ ਹੀ ਕਾਨਸੰਟ੍ਰੇਟਰ ਰਾਹੀਂ ਹਵਾ ਤੋਂ ਆਕਸੀਜਨ ਤਿਆਰ ਕਰ ਕੇ ਮਰੀਜ਼ਾਂ ਦੀ ਜਾਨ ਬਚਾਉਣ ਦਾ ਫ਼ੈਸਲਾ ਕੀਤਾ ਅਤੇ ਇਹ ਪਲਾਟ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਲੱਗਣ ਜਾਣ ਰਿਹਾ ਹੈ ਅਤੇ ਜਲਦ ਹੀ ਗੁਰੂ ਘਰਾਂ ’ਚ ਮੁਕੰਮਲ ਸਹੂਲਤਾਂ ਨਾਲ ਮਰੀਜ਼ਾਂ ਨੂੰ ਆਕਸੀਜਨ ਮੁਹਈਆ ਹੋਣ ਲਵੇਗੀ।
ਇਸ ਮੌਕੇ ਮੈਨੇਜਰ ਕਰਨੈਲ ਸਿੰਘ ਨਾਭਾ ਨੇ ਕਿਹਾ ਕਿ ਮਰੀਜ਼ਾਂ ਲਈ ਗੁਰਦੁਆਰਾ ਦੀਵਾਨ ਹਾਲ ਵਿਖੇ ਤਿਆਰੀਆਂ ਆਰੰਭ ਦਿਤੀਆਂ ਗਈਆਂ ਹਨ।