
ਹੁਣ ਤੱਕ 700 ਤੋਂ ਵੱਧ ਮੋਬਾਇਲ ਚੋਰੀ ਕਰ ਚੁੱਕੇ ਹਨ
Amritsar News : ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਜੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਲੁੱਟਾਂ ਖੋਹਾਂ ਤੇ ਮਾੜੇ ਅਨਸਰਾਂ ਖਿਲਾਫ਼ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਸੁਲਤਾਨਵਿੰਡ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ,ਜਦੋਂ ਸ਼ਹਿਰ ਵਿੱਚ ਰਾਤ ਸਮੇਂ ਘਰਾਂ ਵਿੱਚ ਦਾਖਲ ਹੋ ਕੇ ਚੋਰੀਆਂ ਕਰਨ ਵਾਲੇ ਸਰਗਰਮ ਗਿਰੋਹ ਨੂੰ ਬੇਨਕਾਬ ਕਰਦੇ ਹੋਏ 40 ਮੋਬਾਇਲ ਫੋਨ ਅਤੇ 07 ਗ੍ਰਾਮ ਸੋਨਾ ਬਰਾਮਦ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ।
ਇਸ ਮੌਕੇ ਏਡੀਸੀਪੀ ਸਿਟੀ 1 ਡਾ. ਦਰਪਣ ਆਹਲੂਵਾਲੀਆ ਨੇ ਮੀਡੀਆ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਮੁਕੱਦਮਾਂ ਲਖਵਿੰਦਰ ਸਿੰਘ ਵਾਸੀ ਭਾਈ ਮੰਝ ਸਿੰਘ ਰੋਡ, ਤਰਨ ਤਾਰਨ ਰੋਡ, ਅੰਮ੍ਰਿਤਸਰ ਵੱਲੋਂ ਦਰਜ਼ ਕਰਵਾਇਆ ਗਿਆ ਕਿ ਮਿਤੀ 17-18 ਮਾਰਚ ਦੀ ਦਰਮਿਆਨੀ ਰਾਤ ਨੂੰ ਨਾ ਮਾਲੂਮ ਵਿਅਕਤੀ ਉਸਦੇ ਘਰੋਂ ਮੋਬਾਇਲ ਫੋਨ ਚੋਰੀ ਕਰਕੇ ਲੈ ਗਏ ਹਨ। ਜਿਸ 'ਤੇ ਥਾਣਾ ਸੁਲਤਾਨਵਿੰਡ ਵਿਖੇ ਮੁਕੱਦਮਾਂ ਦਰਜ ਕੀਤਾ ਗਿਆ।
ਪੁਲਿਸ ਪਾਰਟੀ ਵੱਲੋਂ ਕੇਸ ਦੀ ਜਾਂਚ ਹਰ ਪਹਿਲੂ ਤੋਂ ਕਰਨ 'ਤੇ ਮੁਕੱਦਮਾਂ ਵਿੱਚ ਲੋੜੀਂਦੇ ਦੋਸ਼ੀ ਕੁਲਦੀਪ ਸਿੰਘ ਉਰਫ ਦੀਪੂ ਤੇ ਅਕਾਸ਼ਦੀਪ ਸਿੰਘ ਉਰਫ ਕਾਸ਼ੀ ਅਤੇ ਸਿਮਰਨ ਸਿੰਘ ਉਰਫ ਸਿੰਮੂਨੂੰ ਗਿਰਫ਼ਤਾਰ ਕੀਤਾ ਗਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਦੇ ਦੋ ਸਾਥੀ ਫਿਲਹਾਲ ਫ਼ਰਾਰ ਹਨ। ਇਨ੍ਹਾ ਵਿੱਚ ਇੱਕ ਲੜਕੀ ਵੀ ਸ਼ਾਮਿਲ ਹੈ ,ਜੋ ਕਿ ਆਕਾਸ਼ਦੀਪ ਸਿੰਘ ਦੀ ਮੰਗੇਤਰ ਹੈ। ਇਨ੍ਹਾਂ ਕੋਲੋ 40 ਮੋਬਾਇਲ ਫੋਨ ਵੱਖ-ਵੱਖ ਕੰਪਨੀਆਂ ਅਤੇ ਸੋਨੇ ਦੀਆਂ 02 ਮੁੰਦਰੀਆਂ, 1 ਵਾਲੀਆਂ ਦਾ ਜੋੜਾ ਤੇ 01 ਟੋਪਸਾ ਦਾ ਜੋੜਾ ਸ਼ਾਮਿਲ ਹੈ।
ਤਫਤੀਸ਼ 'ਚ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਕੁਲਦੀਪ ਸਿੰਘ ਉਰਫ ਦੀਪੂ, ਸਿਮਰਨ ਸਿੰਘ ਉਰਫ ਸਿੰਮੂ, ਅਕਾਸ਼ਦੀਪ ਸਿੰਘ ਉਰਫ ਕਾਸ਼ੀ ਤੇ ਇਸਦੀ ਦੀ ਮੰਗੇਤਰ ਜੱਸੀ ਅਤੇ ਇਹਨਾਂ ਦੇ ਇੱਕ ਹੋਰ ਸਾਥੀ ਗੋਪੀ, ਮਿਲ ਕੇ ਚੋਰੀਆ ਕਰਦੇ ਸਨ। ਇਹ ਸਾਰੇ ਮਿਲ ਕੇ ਰਾਤ 02:30 (AM) ਤੋਂ 03:00 (AM) ਵਜ਼ੇ ਦੇ ਕਰੀਬ ਜਦੋਂ ਲੋਕ ਆਪਣੇ ਘਰਾਂ ਵਿੱਚ ਗੂੜੀ ਨੀਂਦ ਸੁੱਤੇ ਹੁੰਦੇ ਹਨ, ਇਹ ਛੱਤ ਰਾਹੀ ਘਰਾਂ ਵਿੱਚ ਦਾਖਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੰਦੇ ਸਨ। ਜੋ ਦੋਸ਼ੀ ਅਕਾਸ਼ਦੀਪ ਸਿੰਘ ਉਰਫ਼ ਕਾਸ਼ੀ ਆਪਣੇ ਸਾਥੀਆਂ ਨੂੰ ਘਰ ਦੇ ਆਲੇ-ਦੁਆਲੇ ਖੜਾ ਕਰਕੇ ਆਪ ਖੁਦ ਅਸਾਨੀ ਨਾਲ ਲੋਕਾਂ ਦੇ ਘਰਾ ਵਿੱਚ ਵੜ ਕੇ ਚੋਰੀ ਨੂੰ ਅੰਜ਼ਾਮ ਦਿੰਦਾ ਸੀ ਅਤੇ ਇਸਦੀ ਮੰਗੇਤਰ ਜਿਸ ਦਾ ਨਾਮ ਜਸ ਹੈ, ਵੀ ਰਾਤ ਸਮੇਂ ਚੋਰੀ ਕਰਨ ਵਿੱਚ ਇਹਨਾਂ ਦਾ ਸਾਥ ਦਿੰਦੀ ਸੀ।
ਪੁੱਛਗਿੱਛ ਦੌਰਾਨ ਇਨ੍ਹਾਂ ਦੱਸਿਆ ਹੈ ਕਿ ਇਹ ਪਿਛਲੇ ਕਰੀਬ 02 ਸਾਲ ਤੋਂ ਚੋਰੀਆ ਕਰ ਰਹੇ ਹਨ ਤੇ ਪਿਛਲੇ ਕੁੱਝ ਦਿਨਾਂ ਵਿੱਚ ਇਹਨਾਂ ਨੇ 700 ਦੇ ਕਰੀਬ ਮੋਬਾਇਲ ਫੋਨ ਅਤੇ ਕੈਸ਼ ਤੇ ਜਵੈਲਰੀ ਦੀ ਚੋਰੀ ਕੀਤੀ ਹੈ। ਉਹਨਾਂ ਕਿਹਾ ਕਿ ਇਹ ਨਸ਼ਾ ਕਰਨ ਦੇ ਆਦੀ ਹਨ ਤੇ ਇਹ ਅੰਮ੍ਰਿਤਸਰ ਦਿਹਾਤੀ ਵਿੱਚ ਰਹਿੰਦੇ ਹਨ। ਸ਼ਹਿਰ ਦੇ ਵਿੱਚ ਆ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਸਨ। ਉਹਨਾਂ ਕਿਹਾ ਕਿ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ। ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।