
ਪਿਛਲੇ ਦੋ ਸਾਲਾਂ ਤੋਂ ਅਮ੍ਰਿਤ ਛੱਕ ਕੇ ਬਣ ਰਿਹਾ ਪ੍ਰੇਰਨਾ ਸਰੋਤ
ਅੱਜ ਦੇ ਸਮੇਂ ਵਿਚ ਸਾਡੇ ਸਮਾਜ ਵਿਚ ਨਸ਼ੇ ਨੇ ਬਹੁਤ ਪੈਰ ਪਸਾਰ ਲਏ ਹਨ। ਇਕੱਲੇ ਭਾਰਤ ਜਾਂ ਪੰਜਾਬ ਵਿਚ ਹੀ ਨਹੀਂ ਸਗੋਂ ਸਾਰੀ ਦੁਨੀਆਂ ਵਿਚ ਹੀ ਨਸ਼ਾ ਸਿਰ ਚੜ੍ਹ ਕੇ ਬੋਲ ਰਿਹਾ ਹੈ। ਨਸ਼ੇ ਨੇ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਆਪਣੀ ਜਕੜ ’ਚ ਲੈ ਲਿਆ ਹੈ। ਫਿਰ ਚਾਹੇ ਉਹ ਗ਼ਰੀਬ ਹੋਵੇ ਜਾਂ ਫਿਰ ਕੋਈ ਧਨਾਢ ਬੰਦਾ ਹੋਵੇ, ਨਸ਼ੇ ਲਈ ਆਪਣੇ ਪਰਿਵਾਰ ਤਕ ਦੀ ਪਰਵਾਹ ਨਹੀਂ ਕਰਦਾ। ਕਈ ਵਾਰ ਤਾਂ ਨਸ਼ੇ ਲਈ ਵਿਅਕਤੀ ਆਪਣੇ ਪਰਿਵਾਰ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ ਜਾਂ ਫਿਰ ਆਪਣੀ ਜਾਇਦਾਦ ਵੀ ਵੇਚ ਦਿੰਦਾ ਹੈ। ਪਰ ਜੇ ਅਸੀਂ ਨਸ਼ੇ ਨੂੰ ਛੱਡਣਾ ਚਾਹੀਏ ਤਾਂ ਛੱਡ ਸਕਦੇ ਹਾਂ।
ਅੱਜ ਅਸੀਂ ਅਜਿਹੇ ਹੀ ਇਕ ਨੌਜਵਾਨ ਦੀ ਗੱਲ ਕਰ ਰਹੇ ਹਾਂ, ਜੋ ਬਰਨਾਲਾ ਦੇ ਧਨੌਲਾ ਦਾ ਰਹਿਣ ਵਾਲਾ ਹੈ ਜਿਸ ਨੇ 18 ਸਾਲ ਨਸ਼ਾ ਕੀਤਾ ਤੇ ਹੁਣ ਨਸ਼ਾ ਛੱਡ ਕੇ ਇਕ ਚੰਗੀ ਜ਼ਿੰਦਗੀ ਜੀ ਰਿਹਾ ਹੈ ਤੇ ਗੁਰੂ ਦੇ ਸਿੱਖ ਸਜ ਗਏ ਹਨ। ਰੋਜ਼ਾਨਾ ਸਪੋਕਸਮੈਨ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਨੌਜਵਾਨ ਨੇ ਕਿਹਾ ਕਿ ਮੈਂ ਜਦੋਂ 9ਵੀਂ, 10ਵੀਂ ਵਿਚ ਪੜ੍ਹਦਾ ਹੁੰਦਾ ਸੀ ਤਾਂ ਫ਼ਿਲਮਾਂ ਵਿਚ ਐਕਟਰਾਂ ਨੂੰ ਸਿਗਰਟ ਪੀਂਦੇ ਦੇਖਦਾ ਸੀ ਤੇ ਸੋਚਦਾ ਹੁੰਦਾ ਸੀ ਕਿ ਮੈਂ ਵੀ ਸਿਗਰਟ ਪੀ ਕੇ ਦੇਖਾਂਗਾ। ਜਿਸ ਤੋਂ ਬਾਅਦ ਮੈਂ ਸਿਗਰਟ ਪੀਣ ਲੱਗ ਪਿਆ ਤੇ ਹੌਲੀ-ਹੌਲੀ ਕਾਲਜ ਵਿਚ ਜਾ ਕੇ ਮੈਡੀਕਲ ਨਸ਼ਾ ਕਰਨ ਲੱਗ ਪਿਆ।
ਨਸ਼ਾ ਕਰਨ ਤਾਂ ਸਵਾਦ ਲਈ ਲਗਿਆ ਸੀ ਪਰ ਪਤਾ ਹੀ ਨਹੀਂ ਲਗਿਆ ਕਦੋਂ ਨਸ਼ੇ ਦੇ ਆਦੀ ਹੋ ਗਿਆ। ਜਿਸ ਕਰ ਕੇ ਪਰਿਵਾਰ ਨੂੰ ਵੀ ਕਾਫ਼ੀ ਦੁੱਖ ਤਕਲੀਫ਼ਾਂ ਝੱਲਣੀਆਂ ਪਈਆਂ। ਜਦੋਂ ਵਿਅਕਤੀ ਨੂੰ ਨਸ਼ਾ ਨਹੀਂ ਮਿਲਦਾ ਤਾਂ ਉਹ ਘਰ ਵਾਲਿਆਂ ਤੋਂ ਪੈਸੇ ਮੰਗਦਾ ਹੈ ਤੇ ਜੇ ਪੈਸੇ ਨਾ ਮਿਲਣ ਫਿਰ ਪਰਿਵਾਰ ਵਿਚ ਜ਼ਿਆਦਾ ਕਲੇਸ ਹੁੰਦਾ ਹੈ, ਘਰ ਵਿਚ ਭੰਨ ਤੋੜ ਵੀ ਹੁੰਦੀ ਹੈ। ਫਿਰ ਵਿਅਕਤੀ ਨੂੰ ਸਿਰਫ਼ ਨਸ਼ਾ ਹੀ ਦਿਖਦਾ ਹੈ ਪਰਿਵਾਰ ਉਸ ਲਈ ਜ਼ੀਰੋ ਹੋ ਜਾਂਦਾ ਹੈ। 2008 ਵਿਚ ਮੈਂ ਮੈਡੀਕਲ ਨਸ਼ਾ ਕਰਦਾ ਸੀ ਤੇ 2012 ਵਿਚ ਸਮੈਕ ਆ ਗਈ ਜਿਸ ਦਾ ਵੀ ਨਾਜਾਇਜ਼ ਨਸ਼ਾ ਕੀਤਾ।
ਜਿਸ ਤੋਂ ਬਾਅਦ ਮੈਨੂੰ ਦੌਰੇ ਪੈਣ ਲੱਗ ਪਏ। ਫਿਰ 2015 ਵਿਚ ਚਿੱਟਾ ਆ ਗਿਆ। ਮੇਰੀ ਨਸ਼ਾ ਵੇਚਣ ਵਾਲਿਆਂ ਨਾਲ ਇੰਨੀ ਬਣ ਗਈ ਸੀ ਕਿ 30-30 ਹਜ਼ਾਰ ਰੁਪਏ ਦਾ ਨਸ਼ਾ ਮੈਨੂੰ ਉਧਾਰ ਵੀ ਦੇ ਦਿੰਦੇ ਸੀ। ਇਥੋਂ ਤਕ ਕਿ ਉਨ੍ਹਾਂ ਦੀਆਂ ਜ਼ਮਾਨਤਾਂ ਆਪਣੇ ਵਾਹਣ ਦੇ ਨੰਬਰ ਲਗਾ ਕੇ ਕਰਵਾਉਂਦਾ ਹੁੰਦਾ ਸੀ। ਉਨ੍ਹਾਂ ਕਿਹਾ ਕਿ ਫਿਰ ਪ੍ਰਮਾਤਮਾ ਦੀ ਕਿਰਪਾ ਹੋਈ ਜਾਂ ਫਿਰ ਮੇਰੀ ਮਾਂ ਦੀਆਂ ਦੁਆਵਾਂ ਨਾਲ ਮੈਂ ਨਸ਼ਾ ਛੱਡ ਦਿਤਾ। ਅੱਜ ਮੈਨੂੰ 2 ਸਾਲ ਹੋ ਗਏ ਹਨ ਮੈਂ ਨਸ਼ਾ ਨਹੀਂ ਕੀਤਾ ਤੇ ਮੈਂ ਹੋਰਾਂ ਨੂੰ ਪ੍ਰੇਰਦਾ ਹਾਂ ਕਿ ਨਸ਼ਾ ਛੱਡ ਦਿਓ ਇਸ ਵਿਚ ਕੁੱਝ ਨਹੀਂ ਰਖਿਆ।
ਪਹਿਲਾਂ ਅਸੀਂ ਕਹਿੰਦੇ ਹੁੰਦੇ ਸੀ ਕਿ ਬਾਈ ਇਹ ਨਸ਼ਾ ਕਰ ਕੇ ਦੇਖੋ, ਸਵਾਦ ਆਉਂਦਾ, ਪਰ ਹੁਣ ਮੈਂ ਕਹਿੰਦਾ ਹਾਂ ਨਸ਼ਾ ਛੱਡ ਕੇ ਦੇਖੋ ਇਕ ਅਲੱਗ ਸਵਾਦ ਆਉਂਦਾ ਹੈ। ਮੈਂ 18 ਸਾਲ ਨਸ਼ਾ ਕੀਤਾ ਜਿਸ ਦੌਰਾਨ ਪਤਾ ਨਹੀਂ ਕਿੰਨੀ ਵਾਰ ਗੱਡੀ ਭੰਨੀ, ਕਿੰਨੇ ਐਕਸੀਡੈਂਟ ਹੋਏ। 2015 ਵਿਚ ਮੇਰਾ ਵਿਆਹ ਹੋ ਗਿਆ। ਮੈਂ ਮਾਪਿਆਂ ਨੂੰ ਬੇਨਤੀ ਕਰਦਾ ਹਾਂ ਕਿ ਜੇ ਤੁਹਾਡਾ ਬੱਚਾ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਸ ਦਾ ਸਾਥ ਦਿਓ, ਉਸ ’ਤੇ ਵਿਸ਼ਵਾਸ ਕਰੋ ਨਾਕਿ ਉਸ ਇਕੱਲਾ ਛੱਡ ਦਿਓ। ਮੈਂ ਹੁਣ ਹਰ ਰੋਜ਼ ਐਕਸਰਸਾਈਜ਼ ਕਰਦਾ ਹਾਂ ਤੇ ਘਰ ਦੇ ਸਾਰੇ ਕੰਮ ਕਰਦਾ ਹਾਂ।
ਮੈਂ ਘਰ ਮੱਝਾਂ ਰਖੀਆਂ ਹੋਈਆਂ ਹਨ ਤੇ ਖੇਤਾਂ ਦਾ ਕੰਮ ਵੀ ਆਪ ਹੀ ਕਰਦਾ ਹਾਂ। ਹੁਣ ਮੈਨੂੰ ਲਗਦੈ ਕਿ ਮੈਂ ਨਸ਼ੇ ਦੇ ਨਰਕ ’ਚੋਂ ਨਿਕਲ ਕੇ ਸਵਰਗ ਵਰਗੀ ਜ਼ਿੰਦਗੀ ਜੀ ਰਿਹਾ ਹਾਂ। ਜਿਹੜੀ ਨੀਂਦ ਮੈਨੂੰ ਹੁਣ ਆਉਂਦੀ ਹੈ ਉਹ ਮੈਨੂੰ ਨਸ਼ਾ ਕਰ ਕੇ ਨਹੀਂ ਆਉਂਦੀ ਸੀ। ਮੈਂ ਆਖ਼ਰ ਵਿਚ ਇਹ ਹੀ ਕਹਾਂਗਾ ਕਿ ਜਿਹੜੇ ਨੌਜਵਾਨ ਨਸ਼ਾ ਕਰਦੇ ਹਨ ਉਹ ਮੇਰੇ ਵਲ ਦੇਖ ਕੇ ਨਸ਼ਾ ਛੱਡ ਦਿਓ, ਨਸ਼ੇ ਵਿਚ ਕੁੱਝ ਨਹੀਂ ਰੱਖਿਆ, ਸਿਰਫ਼ ਮੌਤ ਹੀ ਮਿਲਦੀ ਹੈ। ਸਾਡੀ ਮੌਤ ਤਾਂ ਹੁੰਦੀ ਹੀ ਹੈ ਨਾਲ ਸਾਡਾ ਪਰਿਵਾਰ ਵੀ ਮਾਰਿਆ ਜਾਂਦਾ ਹੈ।
ਮੈਂ ਮਾਪਿਆਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਆਪਣੇ ਬੱਚਿਆਂ ਦਾ ਧਿਆਨ ਰੱਖੋ, ਉਨ੍ਹਾਂ ’ਤੇ ਵਿਸ਼ਵਾਸ ਕਰੋ, ਬੱਚਿਆਂ ਨੂੰ ਨਸ਼ਿਆਂ ਵਿਰੁਧ ਜਾਗਰੂਕ ਕਰੋ ਤੇ ਗੁਰਬਾਣੀ ਨਾਲ ਜੋੜੋ ਤਾਂ ਹੀ ਸਾਡੇ ਬੱਚੇ, ਸਾਡੀ ਆਉਣ ਵਾਲੀ ਪੀੜ੍ਹੀ ਨਸ਼ਿਆਂ ਤੋਂ ਬਚ ਸਕੇਗੀ।