
ਡਿਪਟੀ ਕਮਿਸ਼ਨਰ ਪਠਾਨਕੋਟ ਦੇ ਆਦੇਸ਼ਾਂ ਅਨੁਸਾਰ ਅਤੇ ਉਨ੍ਹਾਂ ਦੇ ਉਪਰਾਲਿਆਂ ਸਦਕਾ ਅੱਜ ਫਿਰ ਤੋਂ ਇਕ ਲਾਪਤਾ ਬੱਚਾ ਜੋ ਪਠਾਨਕੋਟ ਵਿਖੇ ਮਿਲਿਆ ਸੀ ਅੱਜ...
ਗੁਰਦਾਸਪੁਰ,ਡਿਪਟੀ ਕਮਿਸ਼ਨਰ ਪਠਾਨਕੋਟ ਦੇ ਆਦੇਸ਼ਾਂ ਅਨੁਸਾਰ ਅਤੇ ਉਨ੍ਹਾਂ ਦੇ ਉਪਰਾਲਿਆਂ ਸਦਕਾ ਅੱਜ ਫਿਰ ਤੋਂ ਇਕ ਲਾਪਤਾ ਬੱਚਾ ਜੋ ਪਠਾਨਕੋਟ ਵਿਖੇ ਮਿਲਿਆ ਸੀ ਅੱਜ ਉਸ ਨੂੰ ਪਠਾਨਕੋਟ ਤੋਂ ਉਸ ਦੇ ਘਰ ਦੇ ਲਈ ਰਵਾਨਾ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਜਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਊਸ਼ਾ ਨੇ ਦਸਿਆ ਕਿ ਕਰੀਬ 25 ਦਿਨ ਪਹਿਲਾਂ ਇਕ ਬੱਚਾ ਜੋ ਕਿ ਪਠਾਨਕੋਟ ਤੋਂ ਬਹੁਤ ਬੀਮਾਰ ਹਾਲਤ ਵਿੱਚ ਇਕ ਆਟੋ ਚਾਲਕ ਨੂੰ ਮਿਲਿਆ ਸੀ
ਅਤੇ ਉਸ ਆਟੋ ਚਾਲਕ ਨੇ ਬੱਚੇ ਨੂੰ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾ ਦਿਤਾ ਸੀ ਉਥੇ ਬੱਚੇ ਦਾ ਕਾਫੀ ਦਿਨਾਂ ਤਕ ਇਲਾਜ ਚਲਦਾ ਰਿਹਾ ਅਤੇ ਬਾਅਦ ਵਿਚ ਸਿਵਲ ਹਸਪਤਾਲ ਵੱਲੋਂ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਸੀ ਕਿ ਇਕ ਬੱਚਾ ਜਿਸ ਦੀ ਉਮਰ ਕਰੀਬ 12 ਸਾਲ ਹੈ ਜੋ ਕਿ ਅਪਣੇ ਬਾਰੇ ਕੁਝ ਵੀ ਜਾਣਕਾਰੀ ਨਹੀਂ ਦੇ ਰਿਹਾ।
ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਵਿਭਾਗ ਵੱਲੋਂ ਇਕ ਟੀਮ ਨੇ ਉਸ ਬੱਚੇ ਨਾਲ ਸੰਪਰਕ ਕੀਤਾ ਅਤੇ ਕਾਊਂਸਲਿੰਗ ਕਰਨ ਤੋਂ ਬਾਅਦ ਇਹ ਤੱਥ ਸਾਹਮਣੇ ਆਏ ਕਿ ਉਹ ਬੱਚਾ ਮਹਾਰਾਸ਼ਟਰ ਦੇ ਨਾਗਪੁਰ ਦਾ ਰਹਿਣ ਵਾਲਾ ਹੈ। ਬੱਚੇ ਨੇ ਕਾਊਂਸਲਿੰਗ ਦੌਰਾਨ ਦਸਿਆ ਕਿ ਉਹ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਗਿਆ ਸੀ।
ਉਨ੍ਹਾਂ ਦਸਿਆ ਕਿ ਨਾਗਪੁਰ ਵਿਖੇ ਸੰਪਰਕ ਕਰਨ ਤੇ ਬੱਚੇ ਦੀ ਪੂਰੀ ਜਾਣਕਾਰੀ ਪ੍ਰਾਪਤ ਕੀਤੀ ਗਈ ਅਤੇ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਸਹਿਯੋਗ ਨਾਲ ਬੀਤੀ ਰਾਤ ਬੱਚੇ ਦੀ ਟਿਕਟ ਕਰਵਾ ਕੇ ਇਕ ਵਿਭਾਗੀ ਕਰਮਚਾਰੀ ਅਤੇ ਪੁਲਿਸ ਪਾਰਟੀ ਦੀ ਵਿਵਸਥਾ ਕਰ ਕੇ ਬੱਚੇ ਨੂੰ ਨਾਗਪੁਰ ਦੇ ਚਿਲਡਰਨ ਹੋਮ ਲਈ ਰਵਾਨਾ ਕਰ ਦਿਤਾ ਗਿਆ ਹੈ।
ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਗਰ ਕੋਈ ਵੀ ਅਜਿਹਾ ਲਾਪਤਾ ਬੱਚਾ ਮਿਲਦਾ ਹੈ ਤਾਂ ਹੈਲਪ ਲਾਈਨ ਨੰਬਰ 1098 'ਤੇ ਜਾਂ ਫਿਰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸੀ ਬਲਾਕ ਕਮਰਾ ਨੰਬਰ 138 ਵਿਚ ਸੰਪਰਕ ਕੀਤਾ ਜਾਵੇ ਤਾਂ ਜੋ ਲਾਪਤਾ ਬੱਚੇ ਨੂੰ ਉਸ ਦੇ ਵਾਰਸਾਂ ਤਕ ਪਹੁੰਚਾਇਆ ਜਾ ਸਕੇ।