
ਬਾਦਲ ਪਰਵਾਰ ਸਥਿਤੀ ਸਪੱਸ਼ਟ ਕਰੇ: ਰਵਨੀਤ ਬਿੱਟੂ
ਸ੍ਰੀ ਅਨੰਦਪੁਰ ਸਾਹਿਬ, 7 ਜੂਨ (ਭਗਵੰਤ ਸਿੰਘ ਮਟੌਰ): ਜੂਨ1984 ਦੇ ਵਿੱਚ ਵਾਪਰੇ ਦੁਖਾਂਤ ਨੂੰ ਦੁਨੀਆਂ ਭਰ ਵਿਚ ਵਸਦਾ ਕੋਈ ਵੀ ਸਿੱਖ ਭੁਲਾ ਨਹੀਂ ਸਕਦਾ ਹੈ।ਪਰ ਇਸ ਦੁਖਾਂਤ ਨੂੰ ਖ਼ਾਲਿਸਤਾਨ ਦੇ ਨਾਲ ਜੋੜਨਾ ਜਿਥੇ ਮੰਦਭਾਗਾ ਹੈ ਉੱਥੇ ਹੀ ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਦੇਸ਼ ਅੰਦਰ ਸਿੱਖਾਂ ਨਾਲ ਹੋ ਰਹੀਆਂ ਵਧੀਕੀਆਂ ਕਰ ਕੇ ਖ਼ਾਲਿਸਤਾਨ ਬਣਾਉਣ ਬਾਰੇ ਦਿਤੇ ਗਏ ਬਿਆਨ ਬਾਰੇ ਬਾਦਲ ਪ੍ਰਵਾਰ ਅਪਣੀ ਸਥਿਤੀ ਸਪਸ਼ਟ ਕਰੇ।
ਵਿਸ਼ੇਸ਼ ਗੱਲਬਾਤ ਕਰਦੇ ਹੋਏ ਸ੍ਰੀ ਆਨੰਦਪੁਰ ਸਾਹਿਬ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਤੇ ਲੁਧਿਆਣਾ ਤੋਂ ਮੌਜੁਦਾ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਸਿੱਖ ਕੌਮ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਖ਼ਾਲਿਸਤਾਨ ਬਾਰੇ ਦਿਤੇ ਬਿਆਨ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਅਪਣੇ ਆਪ ਨੂੰ ਸਿੱਖ ਕੌਮ ਦੇ ਹਿਤੈਸ਼ੀ ਦੱਸਣ ਵਾਲੇ ਬਾਦਲ ਪ੍ਰਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਨੂੰ ਚਾਹੀਦਾ ਹੈ ਕਿ ਉਹ ਬਤੌਰ ਸਿੱਖ ਅਤੇ ਕੇਂਦਰੀ ਕੈਬਨਿਟ ਮੰਤਰੀ, ਅਕਾਲ ਤਖ਼ਤ ਦੇ ਜਥੇਦਾਰ ਤੇ ਪ੍ਰਧਾਨ ਦੇ ਮੂੰਹੋਂ ਨਿਕਲੇ ਸ਼ਬਦਾਂ ਨੂੰ ਲਾਗੂ ਕਰਵਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਮੰਗ ਕਰਨ ਅਤੇ ਇਸ ਨੂੰ ਲਾਗੂ ਕਰਵਾਉਣ ਲਈ ਯਤਨ ਕਰਨ।
ਉਨ੍ਹਾਂ ਕਿਹਾ ਕਿ ਇਹੀ ਨਹੀਂ ਦੋਵੇਂ ਸਿੱਖ ਆਗੂਆਂ ਵਲੋਂ ਦੇਸ਼ ਅੰਦਰ ਸਿੱਖਾਂ ਨਾਲ ਹੋ ਰਹੀਆਂ ਵਧੀਕੀਆਂ ਬਾਰੇ ਬਿਆਨ ਦੀ ਵੀ ਬੀਬਾ ਬਾਦਲ ਨੂੰ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਜੇਕਰ ਉਹ ਜਥੇਦਾਰ ਵਲੋਂ ਮੰਗੇ ਗਏ ਖ਼ਾਲਿਸਤਾਨ ਦੀ ਮੰਗ ਨੂੰ ਲਾਗੂ ਨਹੀਂ ਕਰਵਾ ਸਕਦੇ ਹਨ ਤਾਂ ਉਹ ਅਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਅਤੇ ਜਾਂ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਖ਼ਾਲਿਸਤਾਨ ਬਾਰੇ ਕਹੇ ਬੋਲਾਂ ਨੂੰ ਲਾਗੂ ਕਰਵਾਉਣ ਤੋਂ ਇਨਕਾਰ ਕਰਦੇ ਹੋਏ ਅਪਣਾ ਪੱਖ ਕੌਮ ਦੇ ਸਾਹਮਣੇ ਨਸ਼ਰ ਕਰਨ।
ਰਵਨੀਤ ਬਿੱਟੂ ਨੇ ਭਾਰਤੀ ਜਨਤਾ ਪਾਰਟੀ ਨੂੰ ਵੀ ਲੰਬੇ ਹੱਥੀਂ ਲੈਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਵੀ ਚਾਹੀਦਾ ਹੈ ਕਿ ਸ਼੍ਰੋਮਣੀ ਕਮੇਟੀ 'ਤੇ ਕਾਬਜ਼ ਧਿਰ ਦੇ ਆਗੂਆਂ ਵਲੋਂ ਖ਼ਾਲਿਸਤਾਨ ਦੀ ਮੰਗ ਕਰਨਾ ਜਾਇਜ਼ ਹੈ ਜਾਂ ਨਹੀਂ। ਜੇਕਰ ਨਹੀਂ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਨਾਲੋਂ ਤੁਰਤ ਅਪਣਾ ਨਾਤਾ ਤੋੜਨ।