
ਸੂਬੇ ਵਿਚ 24 ਘੰਟਿਆਂ ਦੌਰਾਨ 72 ਨਵੇਂ ਪਾਜ਼ੇਟਿਵ ਮਾਮਲੇ ਆਏ
ਚੰਡੀਗੜ੍ਹ, 6 ਜੂਨ (ਗੁਰਉਪਦੇਸ਼ ਭੁੱਲਰ): ਪੰਜਾਬ ’ਚ ਕੋਰੋਨਾ ਵਾਇਰਸ ਦੇ ਮਾਮਲਿਆਂ ’ਚ ਲਗਾਤਾਰ ਵਾਧਾ ਹੋਣਾ ਫਿਰ ਸ਼ੁਰੂ ਹੋ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਅੱਜ ਸ਼ਾਮ ਤਕ 72 ਹੋਰ ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਪਿਛਲੇ ਕਈ ਦਿਨਾਂ ਤੋਂ ਗਿਣਤੀ 50 ਕੇਸਾਂ ਦੇ ਆਸ-ਪਾਸ ਹੀ ਚਲ ਰਹੀ ਹੈ।
ਇਹ ਵੀ ਜ਼ਿਕਰਯੋਗ ਹੈ ਕਿ ਹੁਣ ਕੋਰੋਨਾ ਪੂਰੇ ਪੰਜਾਬ ’ਚ ਪੈਰ ਪਸਾਰ ਰਿਹਾ ਹੈ। ਪਿਛਲੇ ਦਿਨਾਂ ਦੌਰਾਨ 6 ਜ਼ਿਲ੍ਹੇ ਕੋਰੋਨਾ ਮੁਕਤ ਹੋ ਗਏ ਸਨ ਪਰ ਅੱਜ ਸਿਰਫ਼ ਇਕੱਲਾ ਫ਼ਿਰੋਜ਼ਪੁਰ ਜ਼ਿਲ੍ਹਾ ਹੀ ਕੋਰੋਨਾ ਮੁਕਤ ਰਹਿ ਗਿਆ ਹੈ।
Photo
ਅੱਜ ਅੰਮ੍ਰਿਤਸਰ ਜ਼ਿਲ੍ਹਾ ’ਚ 24 ਘੰਟੇ ਦੌਰਾਨ 26 ਪਾਜ਼ੇਟਿਵ ਮਾਮਲੇ ਆਏ ਹਨ। ਜਲੰਧਰ ’ਚ 11 ਅਤੇ ਲੁਧਿਆਣਾ ’ਚ 10 ਨਵੇਂ ਮਾਮਲੇ ਅੱਜ ਸ਼ਾਮ ਤਕ ਦਰਜ ਹੋਏ। ਇਹ ਤਿੰਨੇ ਜ਼ਿਲ੍ਹੇ ਹੀ ਇਸ ਸਮੇਂ ਕੋਰੋਨਾ ਦੇ ਕੇਂਦਰ ਬਣੇ ਹੋਏ ਹਨ। ਅੱਜ 72 ਹੋਰ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੂਬੇ ’ਚ ਕੁਲ ਕੋਰੋਨਾ ਪੀੜਤਾਂ ਦਾ ਅੰਕੜਾ 2500 ਤੋਂ ਪਾਰ ਹੋ ਗਿਆ ਹੈ। ਅੱਜ 23 ਕੋਰੋਨਾ ਪੀੜਤ ਠੀਕ ਵੀ ਹੋਏ ਹਨ, ਜਿਸ ਨਾਲ ਠੀਕ ਹੋਣ ਵਾਲਿਆਂ ਦੀ ਕੁਲ ਗਿਣਤੀ 2092 ਹੋ ਗਈ ਹੈ। ਜ਼ਿਕਰਯੋਗ ਗੱਲ ਹੈ ਕਿ ਇਸ ਸਮੇਂ ਇਲਾਜ ਅਧੀਨ 373 ਵਿਅਕਤੀਆਂ ’ਚੋਂ 11 ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਨ੍ਹਾਂ ’ਚੋਂ 8 ਆਕਸੀਜਨ ਅਤੇ 3 ਵੈਂਟੀਲੇਟਰ ’ਤੇ ਮੌਤ ਨਾਲ ਲੜਾਈ ਲੜ ਰਹੇ ਹਨ।