
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ...
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਰੋਜ਼ੀ-ਰੋਟੀ ਲਈ ਕੁਵੈਤ ਗਏ ਉਨ੍ਹਾਂ 8 ਲੱਖ ਭਾਰਤੀਆਂ ਦਾ ਮਾਮਲਾ ਕੁਵੈਤ ਸਰਕਾਰ ਕੋਲ ਉਠਾਉਣ ਜਿੰਨਾ ਉੱਤੇ ਕੁਵੈਤ ਛੱਡਣ ਦੀ ਤਲਵਾਰ ਲਟਕ ਗਈ ਹੈ। 'ਆਪ' ਸੰਸਦ ਨੇ ਇਹ ਅਪੀਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਰਾਹੀਂ ਕੀਤੀ।
Bhagwant Mann
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਦੱਸਿਆ ਕਿ ਕੁਵੈਤ ਸਰਕਾਰ ਵੱਲੋਂ ਵਿਦੇਸ਼ੀ ਕਾਮਿਆਂ ਦੀ ਗਿਣਤੀ ਘਟਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਵਿਦੇਸ਼ੀ ਕੋਟਾ ਬਿਲ ਨੂੰ ਕੁਵੈਤ ਦੀ ਸੰਸਦੀ ਕਮੇਟੀ ਵੱਲੋਂ ਪ੍ਰਵਾਨਗੀ ਦਿੱਤੇ ਜਾਣ ਉਪਰੰਤ ਲਗਭਗ 8 ਲੱਖ ਭਾਰਤੀ ਕਾਮਿਆਂ ਨੂੰ ਕੁਵੈਤ ਛੱਡਣਾ ਪੈ ਸਕਦਾ ਹੈ।
Bhagwant Mann
ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨੂੰ ਇਸ ਮਾਮਲੇ 'ਚ ਦਖ਼ਲਅੰਦਾਜ਼ੀ ਕਰਨ ਦੀ ਅਪੀਲ ਕਰਦਿਆਂ ਕਿਹਾ, ''ਬੇਸ਼ੱਕ ਇਹ ਕੁਵੈਤ ਸਰਕਾਰ ਦਾ ਆਪਣਾ ਸੁਤੰਤਰ ਫ਼ੈਸਲਾ ਹੈ, ਪਰੰਤੂ ਇਸ ਦਾ ਭਾਰਤੀ ਕਾਮਿਆਂ 'ਤੇ ਬਹੁਤ ਬੁਰਾ ਅਸਰ ਪਵੇਗਾ, ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਨਾਗਰਿਕਾਂ ਲਈ ਕੁਵੈਤ ਸਰਕਾਰ ਨੂੰ ਇਸ ਫ਼ੈਸਲੇ 'ਤੇ ਪੁਨਰਵਿਚਾਰ ਕਰਨ ਦੀ ਅਪੀਲ ਕਰਨ ਤਾਂ ਕਿ ਰੋਜ਼ੀ-ਰੋਟੀ ਲਈ ਬੜੀਆਂ ਮੁਸ਼ਕਲਾਂ ਨਾਲ ਵਿਦੇਸ਼ ਗਏ ਭਾਰਤੀ ਕਾਮਿਆਂ ਦਾ ਰੁਜ਼ਗਾਰ ਨਾ ਖੁੱਸੇ।''
Narendra Modi
ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁਖ਼ਾਤਬ ਹੁੰਦਿਆਂ ਲਿਖਿਆ ਕਿ ਜੇਕਰ ਕੁਵੈਤ ਸਰਕਾਰ ਵੀ 8 ਲੱਖ ਭਾਰਤੀ ਕਾਮਿਆਂ ਨੂੰ ਵਾਪਸ ਭਾਰਤ ਆਉਣ ਲਈ ਮਜਬੂਰ ਕਰ ਦਿੰਦੀ ਹੈ ਤਾਂ ਦੇਸ਼ 'ਚ ਬੇਰੁਜ਼ਗਾਰੀ ਦਾ ਸੰਕਟ ਹੋਰ ਡੂੰਘਾ ਹੋ ਜਾਵੇਗਾ। ਇਸ ਦੇ ਨਾਲ ਹੀ ਦੇਸ਼ ਦੀ ਆਰਥਿਕਤਾ ਨੂੰ ਹੋਰ ਸੱਟ ਵੱਜੇਗੀ। ਇਸ ਲਈ ਭਾਰਤ ਸਰਕਾਰ ਨੂੰ ਆਪਣੀ ਕੂਟਨੀਤਕ ਪਹੁੰਚ ਰਾਹੀਂ ਪੂਰਾ ਜ਼ੋਰ ਲਗਾਉਣਾ ਚਾਹੀਦਾ ਹੈ।
Capt. Amarinder Singh
ਭਗਵੰਤ ਮਾਨ ਨੇ ਦੱਸਿਆ ਕਿ ਇਨ੍ਹਾਂ ਕਾਮਿਆਂ 'ਚ ਕੇਰਲਾ ਅਤੇ ਹੋਰ ਸੂਬਿਆਂ ਸਮੇਤ ਪੰਜਾਬ ਦੇ ਕਾਮੇ ਵੀ ਵੱਡੀ ਗਿਣਤੀ 'ਚ ਹਨ। ਭਗਵੰਤ ਮਾਨ ਨੇ ਆਪਣੇ ਪੱਤਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਤੰਜ ਵੀ ਕੱਸਿਆ ਅਤੇ ਕਿਹਾ ਕਿ ਜੇਕਰ ਭਾਰਤ ਸਰਕਾਰ (ਨਰਿੰਦਰ ਮੋਦੀ) ਆਪਣੇ ਚੋਣ ਵਾਅਦੇ ਮੁਤਾਬਿਕ ਭਾਰਤੀ ਨੌਜਵਾਨਾਂ, ਬੇਰੁਜ਼ਗਾਰਾਂ ਨੂੰ ਪ੍ਰਤੀ ਸਾਲ 2 ਕਰੋੜ ਨੌਕਰੀਆਂ ਅਤੇ ਕੈਪਟਨ ਅਮਰਿੰਦਰ ਸਿੰਘ ਘਰ-ਘਰ ਨੌਕਰੀਆਂ ਦੇ ਦਿੰਦੇ ਤਾਂ ਭਾਰਤੀਆਂ ਖ਼ਾਸ ਕਰਕੇ ਪੰਜਾਬੀਆਂ ਨੂੰ ਖਾੜੀ ਦੇਸ਼ਾਂ 'ਚ 'ਗ਼ੁਲਾਮਾਂ' ਵਰਗੀਆਂ ਨੌਕਰੀਆਂ ਕਰਨ ਲਈ ਮਜਬੂਰ ਨਾ ਹੋਣਾ ਪੈਂਦਾ।
Corona virus
ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨੂੰ ਇਹ ਵੀ ਲਿਖਿਆ ਕਿ ਕੋਰੋਨਾ ਮਹਾਂਮਾਰੀ ਨੇ ਦੁਨੀਆ ਭਰ 'ਚ ਕੰਮ ਕਰਦੇ ਭਾਰਤੀਆਂ ਲਈ ਰੁਜ਼ਗਾਰ ਦੇ ਮੌਕੇ ਸੀਮਤ ਕਰ ਦਿੱਤੇ ਹਨ। ਇਸ ਲਈ ਭਾਰਤ ਸਰਕਾਰ ਦੇਸ਼ ਅੰਦਰ ਰੁਜ਼ਗਾਰ ਦੇ ਵਿਆਪਕ ਮੌਕੇ ਪੈਦਾ ਕਰਕੇ ਇਸ ਸੰਕਟ ਨਾਲ ਨਿਪਟੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।