
ਅਕਾਲੀ ਦਲ ਮਾਨ ਦਾ ਦੋਸ਼
ਬਾਦਲ ਸਰਕਾਰ ਵੇਲੇ ਦੋਸ਼ੀਆਂ ਦੀ ਸਰਪ੍ਰਸਤੀ ਤੇ ਸਿੱਖਾਂ ਉਤੇ ਜ਼ੁਲਮ
ਕੋਟਕਪੂਰਾ, 6 ਜੁਲਾਈ (ਗੁਰਿੰਦਰ ਸਿੰਘ) : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਬਰਗਾੜੀ ਇਨਸਾਫ਼ ਮੋਰਚੇ ਦੀ ਲੜੀ ਤਹਿਤ ਗਿ੍ਰਫ਼ਤਾਰੀਆਂ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।
ਅੱਜ ਫ਼ਾਜ਼ਿਲਕਾ ਜ਼ਿਲ੍ਹੇ ਦੇ ਪੰਜ ਸਿੰਘਾਂ ਨੇ ਖ਼ਾਲਸਾ ਪੰਥ ਦੇ ਹੱਕ ਵਿਚ ਨਾਹਰੇਬਾਜ਼ੀ ਕਰਦਿਆਂ ਗਿ੍ਰਫ਼ਤਾਰੀ ਦਿਤੀ। ਉਸ ਤੋਂ ਪਹਿਲਾਂ ਗੁਰਦਵਾਰਾ ਸਾਹਿਬ ਪਾਤਸ਼ਾਹੀ ਦਸਵੀਂ ਬਰਗਾੜੀ ਵਿਖੇ ਜਥੇਬੰਦੀ ਦੇ ਜਨਰਲ ਸਕੱਤਰਾਂ ਗੁਰਸੇਵਕ ਸਿੰਘ ਜਵਾਹਰਕੇ, ਹਰਪਾਲ ਸਿੰਘ ਬਲੇਰ ਅਤੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਢੁੱਡੀ ਨੇ ਦੋਸ਼ ਲਾਇਆ ਕਿ ਪਿਛਲੀ ਬਾਦਲ ਸਰਕਾਰ ਨੇ ਪਤਾ ਹੋਣ ਦੇ ਬਾਵਜੂਦ ਸੌਦਾ ਸਾਧ ਦੇ ਚੇਲਿਆਂ ਅਰਥਾਤ ਡੇਰਾ ਪੇ੍ਰਮੀਆਂ ਨੂੰ ਬੇਅਦਬੀ ਕਾਂਡ ਅਤੇ ਉਸ ਨਾਲ ਜੁੜੇ ਮਾਮਲਿਆਂ ਵਿਚ ਸ਼ਾਮਲ ਕਰਨ ਦੀ ਜ਼ਰੂਰਤ ਨਾ ਸਮਝੀ, ਜਿਸ ਕਰ ਕੇ ਡੇਰਾ ਪੇ੍ਰਮੀਆਂ ਨੇ ਮਨਮਰਜ਼ੀਆਂ ਕੀਤੀਆਂ।
ਉਨ੍ਹਾਂ ਆਖਿਆ ਕਿ ਬਾਦਲ ਸਰਕਾਰ ਦੀ ਪੁਲਿਸ ਨੇ ਦੋਸ਼ੀਆਂ ਵਿਰੁਧ ਕਾਰਵਾਈ ਕਰਨ ਦੀ ਬਜਾਇ ਉਲਟਾ ਇਨਸਾਫ਼ ਮੰਗਦੀਆਂ ਸੰਗਤਾਂ ਉਪਰ ਤਸ਼ੱਦਦ ਢਾਹੁਣਾ ਸ਼ੁਰੂ ਕਰ ਦਿਤਾ, ਅਨੇਕਾਂ ਸਿੰਘਾਂ ਉਪਰ ਝੂਠੇ ਪੁਲਿਸ ਮਾਮਲੇ ਵੀ ਦਰਜ ਕੀਤੇ ਗਏ। ਇਸ ਮੌਕੇ ਰਾਗੀ ਤੇ ਢਾਡੀ ਜੱਥੇ ਨੇ ਵੀ ਅਪਣੀ ਹਾਜ਼ਰੀ ਲਵਾਈ। ਗੁਰਦਵਾਰਾ ਸਾਹਿਬ ਵਿਖੇ ਅਰਦਾਸ-ਬੇਨਤੀ ਕਰਨ ਉਪਰੰਤ ਰਾਸ਼ਟਰੀ ਰਾਜ ਮਾਰਗ ਨੰਬਰ 54 ’ਤੇ ਗਿ੍ਰਫ਼ਤਾਰੀ ਦੇਣ ਵਾਲੇ ਪੰਜ ਸਿੰਘਾਂ ਦੀ ਅਗਵਾਈ ਵਿਚ ਰੋਸ ਮਾਰਚ ਵੀ ਕਢਿਆ ਗਿਆ।