ਦੁਕਾਨ ਦੇ ਨਾਲ ਘਰ ਵਿਚ ਕੀਤੀ ਗਈ ਛਾਪੇਮਾਰੀ
ਅੰਮ੍ਰਿਤਸਰ: ਇਨਕਮ ਟੈਕਸ ਵਿਭਾਗ ਨੇ ਵੀਰਵਾਰ ਸਵੇਰੇ ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਦੀ ਮਸ਼ਹੂਰ ਮਿਠਾਈ ਦੀ ਦੁਕਾਨ ਬਾਂਸਲ ਸਵੀਟਸ 'ਤੇ ਛਾਪਾ ਮਾਰਿਆ। ਟੀਮ ਨੇ ਲਾਰੈਂਸ ਰੋਡ 'ਤੇ ਸਥਿਤ ਦੁਕਾਨ 'ਤੇ ਛਾਪੇਮਾਰੀ ਕਰਨ ਦੇ ਨਾਲ-ਨਾਲ ਘਰ 'ਚ ਵੀ ਛਾਪੇਮਾਰੀ ਕੀਤੀ ਹੈ। ਫਿਲਹਾਲ ਕਿਸੇ ਨੂੰ ਵੀ ਦੁਕਾਨ ਅਤੇ ਘਰ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ। ਇਨਕਮ ਟੈਕਸ ਦੀ ਟੀਮ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕਰ ਰਹੀ ਹੈ।
ਬਾਂਸਲ ਸਵੀਟਸ ਅੰਮ੍ਰਿਤਸਰ ਵਿੱਚ ਮਠਿਆਈਆਂ ਲਈ ਜਾਣਿਆ-ਪਛਾਣਿਆ ਨਾਮ ਹੈ। ਕੁਝ ਸਾਲ ਪਹਿਲਾਂ ਬਹੁਮੰਜ਼ਿਲਾ ਇਮਾਰਤ ਅਤੇ ਕੁਝ ਮਹੀਨੇ ਪਹਿਲਾਂ ਸਵੀਟ ਸ਼ਾਪ ਵਾਲੇ ਰੈਸਟੋਰੈਂਟ ਨੂੰ ਲੈ ਕੇ ਨਗਰ ਸੁਧਾਰ ਟਰੱਸਟ ਨਾਲ ਝਗੜਾ ਹੋਇਆ ਸੀ ਪਰ ਸਿਆਸੀ ਸ਼ਹਿ ਕਾਰਨ ਮਾਮਲਾ ਦੱਬ ਕੇ ਰਹਿ ਗਿਆ ਸੀ। ਬਾਂਸਲ ਸਵੀਟਸ ਸਾਬਕਾ ਕੈਬਨਿਟ ਮੰਤਰੀ ਦਾ ਰਿਸ਼ਤੇਦਾਰ ਦੱਸਿਆ ਜਾਂਦਾ ਹੈ।
ਇੰਪਰੂਵਮੈਂਟ ਟਰੱਸਟ ਦੇ ਸਹਿਯੋਗ ਨਾਲ ਬਣੀ ਬਾਂਸਲ ਸਵੀਟਸ ਦੀ ਬਹੁ-ਮੰਜ਼ਿਲਾ ਇਮਾਰਤ ਵੀ ਇਸ ਦੌਰਾਨ ਜਾਂਚ ਦੇ ਘੇਰੇ ਵਿਚ ਹੈ। ਇਹ ਜ਼ਮੀਨ ਕੋਟੇ ਤੋਂ ਘੱਟ ਕੀਮਤ 'ਤੇ ਕਮਿਊਨਿਟੀ ਸੈਂਟਰ ਨੂੰ ਅਲਾਟ ਕੀਤੀ ਗਈ ਸੀ, ਪਰ ਬਾਅਦ 'ਚ ਬਾਂਸਲ ਸਵੀਟਸ ਦੇ ਮਾਲਕ ਨੇ ਇਸ ਨੂੰ ਖਰੀਦ ਲਿਆ। ਜਦੋਂ ਇਹ ਮਾਮਲਾ ਮੀਡੀਆ ਵਿੱਚ ਆਇਆ ਤਾਂ ਇਸ ਜ਼ਮੀਨ ਦੀ ਅਲਾਟਮੈਂਟ ਰੱਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਪਰ ਸਿਆਸੀ ਪ੍ਰਭਾਵ ਕਾਰਨ ਮਾਮਲਾ ਠੰਢੇ ਬਸਤੇ ਵਿੱਚ ਪਾ ਦਿੱਤਾ ਗਿਆ।