
ਟੋਰਾਂਟੋ ਸਿਟੀ ਪ੍ਰਸ਼ਾਸਨ ਨੇ ਸਿੱਖਾਂ ਤੋਂ ਮੰਗੀ ਮਾਫ਼ੀ ਸਿੱਖ ਸਕਿਉਰਿਟੀ ਗਾਰਡਾਂ ਨੂੰ ਨੌਕਰੀ 'ਤੇ ਕੀਤਾ ਬਹਾਲ
ਟੋਰਾਂਟੋ, 6 ਜੁਲਾਈ: ਸਿਟੀ ਆਫ਼ ਟੋਰਾਂਟੋ ਨੇ ਸ਼ਹਿਰ ਦੇ ਸਿੱਖ ਭਾਈਚਾਰੇ ਤੋਂ ਮਾਫ਼ੀ ਮੰਗੀ ਹੈ ਅਤੇ ਸੁਰੱਖਿਆ ਮੁਲਾਜ਼ਮਾਂ ਨੂੰ ਮੁੜ ਬਹਾਲ ਕਰਨ ਦੇ ਹੁਕਮ ਦਿਤੇ ਹਨ | ਦਸਣਯੋਗ ਹੈ ਕਿ ਸਿਟੀ ਆਫ਼ ਟੋਰਾਂਟੋ ਨੇ ਸੁਰੱਖਿਆ ਗਾਰਡਾਂ ਲਈ ਕਲੀਨ ਸ਼ੇਵ ਹੋਣਾ ਲਾਜ਼ਮੀ ਕੀਤਾ ਸੀ | ਇਸ ਫ਼ੈਸਲੇ ਨਾਲ 100 ਦੇ ਕਰੀਬ ਸਿੱਖ ਸੁਰੱਖਿਆ ਗਾਰਡਾਂ ਨੂੰ ਨੌਕਰੀ ਛੱਡਣ ਲਈ ਮਜਬੂਰ ਕੀਤਾ ਗਿਆ ਜਿਸ ਤੋਂ ਬਾਅਦ ਸਿੱਖਾਂ ਵਿਚ ਰੋਸ ਦੀ ਲਹਿਰ ਸੀ ਅਤੇ ਉੱਚ ਸ਼ਖ਼ਸੀਅਤਾਂ ਸਮੇਤ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੇ ਪ੍ਰਸ਼ਾਸਨ ਦੇ ਇਸ ਫ਼ੈਸਲੇ ਦਾ ਵਿਰੋਧ ਕੀਤਾ |
ਤਾਜ਼ਾ ਜਾਣਕਾਰੀ ਅਨੁਸਾਰ ਟੋਰਾਂਟੋ ਸਿਟੀ ਪ੍ਰਸ਼ਾਸਨ ਨੇ ਇਸ 'ਤੇ ਸਿੱਖਾਂ ਤੋਂ ਮੁਆਫ਼ੀ ਮੰਗੀ ਹੈ ਅਤੇ ਅਪਣੇ ਫ਼ੈਸਲੇ 'ਤੇ ਗੌਰ ਕਰਨ ਦੀ ਗੱਲ ਆਖੀ ਹੈ | ਇਸ ਨਾਲ ਹੀ ਪ੍ਰਸ਼ਾਸਨ ਨੇ ਇਕ ਸ਼ਰਤ ਦੇ ਨਾਲ 100 ਸਿੱਖ ਸੁਰੱਖਿਆ ਮੁਲਾਜ਼ਮਾਂ ਨੂੰ ਨੌਕਰੀ 'ਤੇ ਮੁੜ ਬਹਾਲ ਕੀਤਾ ਗਿਆ ਹੈ | ਪ੍ਰਸ਼ਾਸਨ ਨੇ ਕਿਹਾ ਹੈ ਕਿ 95 ਮਾਸਕ ਪਾਉਣ ਵਿਚ ਦਿੱਕਤ ਆਉਂਦੀ ਹੈ ਪਰ ਜੇਕਰ ਕੋਈ ਸਿੱਖ ਸਾਬਤ ਸੂਰਤ ਡਿਊਟੀ ਨਿਭਾਉਣੀ ਚਾਹੁੰਦਾ ਹੈ ਤਾਂ ਉਸ ਨੂੰ ਮਾਸਕ ਦੇ ਨਾਲ ਨਾਲ ਰੁਮਾਲ ਨਾਲ ਅਪਣੀ ਦਾੜ੍ਹੀ ਨੂੰ ਢੱਕਣਾ ਪਵੇਗਾ |
ਸਿਟੀ ਆਫ਼ ਟੋਰਾਂਟੋ ਨੇ ਅਪਣੇ ਸੰਵੇਦਨਸ਼ੀਲ ਖੇਤਰਾਂ ਵਿਚ ਕੋਵਿਡ-19 ਦੇ ਖ਼ਤਰੇ ਦੇ ਮੱਦੇਨਜ਼ਰ 95 ਮਾਸਕ ਪਾਉਣ ਲਈ ਦਾੜ੍ਹੀ ਨਾ ਰੱਖਣ ਦੇ ਫ਼ੈਸਲੇ ਦੇ ਜਵਾਬ ਵਿਚ ਧਾਰਮਕ ਆਧਾਰ 'ਤੇ ਛੋਟ ਮੰਗਣ ਵਾਲੇ ਕਰਮਚਾਰੀਆਂ ਅਤੇ ਸੁਰੱਖਿਆ ਗਾਰਡਾਂ ਨੂੰ ਦਾੜ੍ਹੀ ਰੱਖਣ ਦੀ ਇਜਾਜ਼ਤ
ਦਿਤੀ ਹੈ | ਇਕ ਪ੍ਰਾਈਵੇਟ ਠੇਕੇਦਾਰ ਨੂੰ ਸਿੱਖ ਸੁਰੱਖਿਆ ਗਾਰਡਾਂ ਨੂੰ ਮੁੜ ਬਹਾਲ ਕਰਨ ਦੇ ਹੁਕਮ ਦਿਤੇ ਗਏ ਹਨ | ਸਿਟੀ ਆਫ਼ ਟੋਰਾਂਟੋ ਨੇ ਕਿਹਾ ਹੈ ਕਿ ਜਿਹੜੇ ਕਰਮਚਾਰੀ ਧਾਰਮਕ ਆਧਾਰ 'ਤੇ ਅਪਣੀ ਦਾੜ੍ਹੀ ਨਹੀਂ ਕੱਟ ਸਕਦੇ, ਉਹ ਸਾਬਤ ਸੂਰਤ ਕੰਮ ਕਰ ਸਕਣਗੇ |
ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਦੇ ਪਹਿਲੇ ਫ਼ੈਸਲੇ ਤੋਂ ਬਾਅਦ ਪ੍ਰਾਈਵੇਟ ਠੇਕੇਦਾਰਾਂ ਵਲੋਂ 100 ਦੇ ਕਰੀਬ ਸੁਰੱਖਿਆ ਗਾਰਡਾਂ ਦੀ ਬਦਲੀ ਜਾਂ ਨੌਕਰੀ ਤੋਂ ਕੱਢ ਦਿਤਾ ਗਿਆ ਸੀ | ਜ਼ਿਕਰਯੋਗ ਹੈ ਕਿ ਵਿਸ਼ਵ ਸਿੱਖ ਸੰਸਥਾ ਵਲੋਂ ਇਹ ਮੁੱਦਾ ਵੱਡੇ ਪੱਧਰ 'ਤੇ ਚੁਕਿਆ ਗਿਆ ਸੀ | (ਏਜੰਸੀ)