
ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਹੈ
Sangrur News : ਸੰਗਰੂਰ ਜ਼ਿਲ੍ਹੇ ਦੇ ਕਸਬਾ ਲਹਿਰਾਗਾਗਾ 'ਚ ਇੱਕ ਨੌਜਵਾਨ ਨੇ ਭੈਣ ਭਰਾ ਦੇ ਰਿਸ਼ਤੇ ਨੂੰ ਤਾਰ-ਤਾਰ ਕਰ ਦਿੱਤਾ ਹੈ। ਜਿੱਥੇ ਕਲਯੁੱਗੀ ਭਰਾ ਨੇ ਪਹਿਲੀ ਜਮਾਤ ਵਿੱਚ ਪੜ੍ਹਦੀ ਆਪਣੀ 6 ਸਾਲਾ ਚਚੇਰੀ ਭੈਣ ਨਾਲ ਜਬਰ ਜਨਾਹ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਹੈ। ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਸ ਸਬੰਧੀ ਲਹਿਰਾ ਥਾਣਾ ਮੁਖੀ ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਪੀੜਤ ਲੜਕੀ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਉਸ ਦੀ ਮਾਂ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਹੈ। ਪੁਲਿਸ ਮੁਤਾਬਕ ਇਹ ਘਟਨਾ ਕੁਝ ਦਿਨ ਪਹਿਲਾਂ ਦੀ ਹੈ। ਸਥਾਨਕ ਸ਼ਹਿਰ ਦੀ ਰਹਿਣ ਵਾਲੀ ਇੱਕ ਔਰਤ ਨੇ ਬਿਆਨ ਦਰਜ ਕਰਵਾਏ ਕਿ ਮੇਰੀ ਲੜਕੀ ਦੀ ਉਮਰ ਮਹਿਜ਼ 6 ਸਾਲ ਹੈ, ਜੋ ਪਹਿਲੀ ਕਲਾਸ ਦੀ ਵਿਦਿਆਰਥਣ ਹੈ।
ਉਨ੍ਹਾਂ ਦੱਸਿਆ ਕਿ ਮੇਰੇ ਸਕੇ ਚਚੇਰੇ ਸੁਹਰੇ ਦਾ ਪੋਤਾ ਸ਼ੰਕਰ ਸਿੰਘ ਉਰਫ ਮਨੀ ਜੋ ਲੜਕੀ ਦਾ ਚਚੇਰਾ ਭਾਈ ਲੱਗਦਾ ਹੈ। ਘਰ ਕੋਲ-ਕੋਲ ਹੋਣ ਕਾਰਨ ਅਕਸਰ ਸਾਡੇ ਘਰ ਆਉਂਦਾ ਜਾਂਦਾ ਰਹਿੰਦਾ ਸੀ। ਗਰਮੀਆਂ ਦੀਆਂ ਛੁੱਟੀਆਂ ਹੋਣ ਕਾਰਨ ਪਿਛਲੇ ਦਿਨੀਂ ਮੇਰੀ 6 ਸਾਲਾ ਲੜਕੀ ਉਨ੍ਹਾਂ ਦੇ ਘਰ ਖੇਡਣ ਚਲੀ ਗਈ। ਜਦੋਂ ਮੈਂ ਉਸ ਨੂੰ ਰੋਟੀ ਖਵਾਉਣ ਲਈ ਬੁਲਾਉਣ ਗਈ ਤਾਂ ਆਰੋਪੀ ਮੇਰੀ ਲੜਕੀ ਨਾਲ ਗਲਤ ਕੰਮ ਕਰ ਰਿਹਾ ਸੀ।
ਪੁਲਸ ਨੇ ਆਰੋਪੀ ਨੂੰ ਹਿਰਾਸਤ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਇੰਸਪੈਕਟਰ ਰਣਬੀਰ ਸਿੰਘ ਅਤੇ ਸਿਟੀ ਇੰਚਾਰਜ ਗੁਰਦੇਵ ਸਿੰਘ ਨੇ ਦੱਸਿਆ ਕਿ ਔਰਤ ਦੇ ਬਿਆਨਾਂ ਮੁਤਾਬਕ ਸ਼ੰਕਰ ਉਰਫ ਮਨੀ ਖਿਲਾਫ 376 ਏਬੀ 506 ਆਈਪੀਸੀ, ਪੋਕਸੋ ਐਕਟ 2012 ਅਧੀਨ ਪਰਚਾ ਦਰਜ ਕਰਦਿਆਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।