
ਯੂਨੀਅਨ ਮੁਤਾਬਕ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ 'ਤੇ ਪੱਕਾ ਧਰਨਾ ਦਿੱਤਾ ਜਾਵੇਗਾ।
ਪੰਜਾਬ ਭਰ ਵਿੱਚ 3 ਦਿਨਾਂ ਲਈ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਹੇਗਾ, 9,10,11 ਜੁਲਾਈ ਨੂੰ ਪਨਬੱਸ ਅਤੇ ਪੀ .ਆਰ.ਟੀ.ਸੀ ਦੇ ਕੱਚੇ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕਰਨਗੇ।
ਜ਼ਿਕਰਯੋਗ ਹੈ ਕਿ ਪੰਜਾਬ ਭਰ ਦੇ ਸਮੂਹ ਡਿਪੂਆਂ 'ਤੇ ਰੋਸ ਰੈਲੀ ਕੀਤੀਆਂ ਗਈਆਂ ਹਨ। ਇਸੇ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਰੋਡਵੇਜ਼/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ ਅਤੇ ਅਹਿਮ ਅਹੁਦੇਦਾਰਾਂ ਨੇ ਸਰਕਾਰ ਤੇ ਵਰਦਿਆਂ ਮੰਗਾਂ ਨਹੀਂ ਮੰਨੇ ਜਾਣ ਦੇ ਹਾਲਾਤ ਵਿੱਚ ਸੂਬੇ ਭਰ ਵਿੱਚ ਚੱਕਾ ਜਾਮ ਕਰਨ ਦੀ ਗੱਲ ਕਹੀ ਹੈ।
ਯੂਨੀਅਨ ਮੁਤਾਬਕ ਪੰਜਾਬ ਭਰ ਵਿੱਚ ਬੱਸਾਂ ਠੇਕੇਦਾਰਾਂ ਨੂੰ ਸੌਪੀਆਂ ਜਾ ਰਹੀਆਂ ਹਨ ਅਤੇ ਸਰਕਾਰੀ ਰੋਜ਼ਗਾਰ ਖ਼ਤਮ ਕਰਕੇ ਠੇਕੇਦਾਰਾਂ ਨੂੰ ਲੁੱਟ ਕਰਨ ਦਾ ਖੁੱਲਾ ਸੱਦਾ ਦਿੱਤਾ ਜਾ ਰਿਹਾ ਹੈ। ਮੰਗਾਂ ਅਨੁਸਾਰ ਸਰਕਾਰ ਕੱਚੇ ਕਾਮਿਆਂ ਨੂੰ ਤੁਰੰਤ ਪੱਕਾ ਕਰੇ ਅਤੇ ਠੇਕੇਦਾਰੀ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਖਤਮ ਕਰੇ।
ਰੈਲੀ ਦੌਰਾਨ ਦੋਸ਼ ਲਗਾਇਆ ਗਿਆ ਹੈ ਕਿ ਟਰਾਂਸਪੋਰਟ ਮੰਤਰੀ ਅਤੇ ਫਿਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 1 ਜੁਲਾਈ 2024 ਨੂੰ ਮੀਟਿੰਗ ਕਰਕੇ ਯੂਨੀਅਨ ਦੀਆਂ ਮੰਗਾਂ ਦਾ 1 ਮਹੀਨੇ ਦੇ ਵਿੱਚ ਕਮੇਟੀ ਬਣਾਕੇ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਪਰ 1 ਸਾਲ ਬੀਤੇਂ ਮਗਰੋਂ ਵੀ ਕਮੇਟੀ ਨੇ ਹੁਣ ਤੱਕ ਇੱਕ ਵੀ ਮੰਗ ਦਾ ਹੱਲ ਨਹੀਂ ਕੀਤਾ 10-12 ਸਾਲ ਤੋਂ ਠੇਕੇਦਾਰੀ ਸਿਸਟਮ ਤਹਿਤ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਗਿਆ।
ਜੇਕਰ ਸਰਕਾਰ ਨੇਂ ਮੰਗਾ ਦਾ ਹੱਲ ਨਾ ਕੀਤਾ ਤਾਂ ਮਜਬੂਰੀ ਵਿੱਚ 09/10/11 ਜੁਲਾਈ ਨੂੰ ਯੂਨੀਅਨ ਵਲੋਂ ਪੂਰਨ ਤੌਰ ਤੇ ਪਨਬਸ ਪੀ ਆਰ ਟੀ ਸੀ ਦਾ ਚੱਕਾ ਜਾਮ ਕਰਕੇ ਸਰਕਾਰ ਦੇ ਖਿਲਾਫ ਰੋਸ ਧਰਨਾ ਦਿੱਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ ਤੇ ਪੱਕਾ ਧਰਨਾ ਦਿੱਤਾ ਜਾਵੇਗਾ।