
ਪੰਜਾਬ ਸਰਕਾਰ ਵੱਲੋਂ ਜੀਐਮਸੀਐਚ 32 ਲਈ ਲਗਭਗ 2.20 ਕਰੋੜ ਰੁਪਏ ਅਤੇ ਜੀਐਮਐਸਐਚ 16 ਲਈ 3 ਕਰੋੜ ਰੁਪਏ ਬਕਾਇਆ ਹਨ।
ਚੰਡੀਗੜ੍ਹ - ਆਯੁਸ਼ਮਾਨ ਸਕੀਮ ਦਾ ਲਾਭ ਪੀਜੀਆਈ ਤੋਂ ਬਾਅਦ ਹੁਣ ਜੀਐਮਸੀਐਚ 32 ਅਤੇ ਜੀਐਮਐਸਐਚ 16 ਵਿਚ ਵੀ ਮਿਲੇਗਾ। ਪੰਜਾਬ ਦੇ ਮਰੀਜ਼ ਆਯੁਸ਼ਮਾਨ ਭਾਰਤ ਸਕੀਮ ਤਹਿਤ ਲਾਭ ਪ੍ਰਾਪਤ ਕਰਕੇ ਸਿਹਤਮੰਦ ਰਹਿ ਸਕਣਗੇ। ਜਾਣਕਾਰੀ ਅਨੁਸਾਰ ਸੋਮਵਾਰ ਤੋਂ ਜੀਐਮਸੀਐਚ 32 ਅਤੇ ਜੀਐਮਐਸਐਚ 16 ਨੂੰ ਵੀ ਇਸ ਸਕੀਮ ਦਾ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ। ਇਸ ਸਕੀਮ ਤਹਿਤ ਪੰਜਾਬ ਸਰਕਾਰ ਵੱਲੋਂ ਜੀਐਮਸੀਐਚ 32 ਲਈ ਲਗਭਗ 2.20 ਕਰੋੜ ਰੁਪਏ ਅਤੇ ਜੀਐਮਐਸਐਚ 16 ਲਈ 3 ਕਰੋੜ ਰੁਪਏ ਬਕਾਇਆ ਹਨ।
Ayushman Bharat scheme
ਚੰਡੀਗੜ੍ਹ ਦੇ ਡਾਇਰੈਕਟਰ, ਸਿਹਤ ਸੇਵਾਵਾਂ (ਡੀ.ਐਚ.ਐਸ.) ਡਾ: ਸੁਮਨ ਸਿੰਘ ਨੇ ਕਿਹਾ ਹੈ ਕਿ ਇੱਕ ਤੋਂ ਦੋ ਦਿਨਾਂ ਵਿਚ ਪੰਜਾਬ ਦੇ ਮਰੀਜ਼ਾਂ ਲਈ ਇਹ ਸਕੀਮ ਮੁੜ ਸ਼ੁਰੂ ਕਰ ਦਿੱਤੀ ਜਾਵੇਗੀ। ਹਾਲਾਂਕਿ ਦੋਵੇਂ ਵੱਡੇ ਹਸਪਤਾਲਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬਕਾਇਆ ਅਜੇ ਤੱਕ ਕਲੀਅਰ ਨਹੀਂ ਹੋਇਆ ਹੈ। ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਜਲਦ ਹੀ ਰਾਸ਼ੀ ਜਾਰੀ ਕਰ ਦੇਵੇਗੀ। ਦੱਸ ਦਈਏ ਕਿ ਭਗਵੰਤ ਮਾਨ ਸਰਕਾਰ ਵੱਲੋਂ ਕਰੀਬ 15 ਕਰੋੜ ਰੁਪਏ ਦੇ ਬਕਾਏ ਦੀ ਅਦਾਇਗੀ ਨਾ ਹੋਣ ਕਾਰਨ ਪੀਜੀਆਈ ਚੰਡੀਗੜ੍ਹ ਨੇ 1 ਅਗਸਤ ਤੋਂ ਪੰਜਾਬ ਦੇ ਮਰੀਜ਼ਾਂ ਨੂੰ ਇਸ ਸਕੀਮ ਦਾ ਲਾਭ ਦੇਣਾ ਬੰਦ ਕਰ ਦਿੱਤਾ ਸੀ।
GMCH-32
ਇਸ ਤੋਂ ਬਾਅਦ 5 ਅਗਸਤ ਨੂੰ ਕੇਂਦਰੀ ਸਿਹਤ ਮੰਤਰਾਲੇ ਅਤੇ ਪ੍ਰਧਾਨ ਮੰਤਰੀ ਦਫ਼ਤਰ ਦੇ ਦਖਲ ਅਤੇ ਹਦਾਇਤਾਂ ਤੋਂ ਬਾਅਦ ਮੁੜ ਲਾਭ ਸ਼ੁਰੂ ਕਰ ਦਿੱਤਾ ਗਿਆ ਜਾਵੇਗਾ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਵੀ ਬਕਾਇਆ ਕਲੀਅਰ ਕਰਨ ਦਾ ਭਰੋਸਾ ਦਿੱਤਾ ਸੀ। ਹੁਣ ਬਕਾਇਆ ਕਲੀਅਰ ਹੋ ਗਿਆ ਹੈ। ਦੱਸ ਦਈਏ ਕਿ ਚੰਡੀਗੜ੍ਹ ਵਿਚ ਰੋਜ਼ਾਨਾ ਪੰਜਾਬ ਤੋਂ ਸੈਂਕੜੇ ਮਰੀਜ਼ ਇਲਾਜ ਲਈ ਆਉਂਦੇ ਹਨ। ਉਹ ਜ਼ਿਆਦਾਤਰ ਸ਼ਹਿਰ ਦੇ ਤਿੰਨ ਵੱਡੇ ਹਸਪਤਾਲਾਂ ਪੀਜੀਆਈ, ਜੀਐਮਸੀਐਚ 32 ਅਤੇ ਜੀਐਮਐਸਐਚ 16 ਵਿਚ ਇਲਾਜ ਕਰਵਾਉਂਦੇ ਹਨ।
ਇਸ ਦੌਰਾਨ ਜਿਨ੍ਹਾਂ ਮਰੀਜ਼ਾਂ ਕੋਲ ਆਯੂਸ਼ਮਾਨ ਭਾਰਤ ਯੋਜਨਾ ਤਹਿਤ ਕਾਰਡ ਹਨ, ਉਹ ਇਸ ਦਾ ਲਾਭ ਲੈਂਦੇ ਹਨ। ਇਕ ਜਾਣਕਾਰੀ ਮੁਤਾਬਕ ਇਕੱਲੇ ਪੀ.ਜੀ.ਆਈ. ਵਿਚ ਪੰਜਾਬ ਤੋਂ ਰੋਜ਼ਾਨਾ 2 ਹਜ਼ਾਰ ਦੇ ਕਰੀਬ ਮਰੀਜ਼ ਇਲਾਜ ਲਈ ਆਉਂਦੇ ਹਨ। ਇਸ ਦੇ ਨਾਲ ਹੀ ਹੋਰ ਹਸਪਤਾਲਾਂ ਵਿਚ ਵੀ ਪੰਜਾਬ ਦੇ ਮਰੀਜ਼ ਵੱਡੀ ਗਿਣਤੀ ਵਿਚ ਆਉਂਦੇ ਹਨ। ਚੰਡੀਗੜ੍ਹ ਵਿਚ ਆਧੁਨਿਕ ਸਿਹਤ ਸਹੂਲਤਾਂ ਅਤੇ ਬਿਹਤਰ ਇਲਾਜ ਹੋਣ ਕਾਰਨ ਪੰਜਾਬ ਸਮੇਤ ਹਰਿਆਣਾ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਆਸ-ਪਾਸ ਤੋਂ ਵੀ ਮਰੀਜ਼ ਆਉਂਦੇ ਹਨ।