
ਮੀਤ ਹੇਅਰ ਨੇ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਕੀਤੀ ਮੁਲਾਕਾਤ
ਚੰਗੀਗੜ੍ਹ, 6 ਅਗੱਸਤ (ਭੁੱਲਰ) : ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਅੱਜ ਨਵੀਂ ਦਿੱਲੀ ਵਿਖੇ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਮੁਲਾਕਾਤ ਕਰ ਕੇ ਖੇਡਾਂ ਸੰਬੰਧੀ ਬਣਾਈਆਂ ਜਾਂਦੀਆਂ ਕੇਂਦਰੀ ਸਕੀਮਾਂ ਵਿਚ ਪੰਜਾਬ ਨੂੰ ਤਰਜੀਹ ਦੇਣ ਦੀ ਮੰਗ ਕੀਤੀ ਗਈ।
ਖੇਡ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਵਿਚ ਖੇਡ ਸਭਿਆਚਾਰ ਪੈਦਾ ਕਰਨ ਲਈ ਉਚੇਚੇ ਤੌਰ ’ਤੇ ਯਤਨ ਕਰ ਰਹੀ ਹੈ। ਪੰਜਾਬੀ ਖਿਡਾਰੀਆਂ ਦੀ ਅਥਾਹ ਸਮਰੱਥਾ ਨੂੰ ਦੇਖਦਿਆਂ ਭਾਰਤ ਸਰਕਾਰ ਨੂੰ ਖੇਡ ਬੁਨਿਆਦੀ ਢਾਂਚੇ, ਖੇਡ ਸੈਂਟਰ ਸਣੇ ਖੇਲੋ੍ਹ ਇੰਡੀਆ ਆਦਿ ਸਕੀਮਾਂ ਵਿਚ ਪੰਜਾਬ ਨੂੰ ਪ੍ਰਮੁੱਖਤਾ ਦੇਣੀ ਚਾਹੀਦੀ ਹੈ ਜਿਸ ਨਾਲ ਦੇਸ਼ ਦੀਆਂ ਖੇਡਾਂ ਨੂੰ ਵੀ ਵੱਡਾ ਹੁਲਾਰਾ ਮਿਲੇਗਾ। ਹੁਣੇ ਤੋਂ ਹੀ ਅਗਲੇ ਸਾਲ ਹੋਣ ਵਾਲੀਆਂ ਏਸ਼ਿਆਈ ਖੇਡਾਂ ਤੇ 2024 ਵਿਚ ਹੋਣ ਵਾਲੀਆਂ ਪੈਰਿਸ ਉਲੰਪਿਕ ਖੇਡਾਂ ਦੀ ਤਿਆਰੀ ਸ਼ੁਰੂ ਕਰਨੀ ਹੋਵੇਗੀ।
ਮੀਤ ਹੇਅਰ ਨੇ ਕਿਹਾ ਕਿ ਮੁੱਢ ਕਦੀਮ ਤੋਂ ਹੀ ਪੰਜਾਬ ਦਾ ਖੇਡਾਂ ਨਾਲ ਗੂੜ੍ਹਾ ਰਿਸਤਾ ਰਿਹਾ ਹੈ। ਬਰਮਿੰਘਮ ਵਿਖੇ ਚਲ ਰਹੀਆਂ ਕਾਮਨਵੈਲਥ ਖੇਡਾਂ ਵਿਚ ਪੰਜਾਬ ਦੇ ਖਿਡਾਰੀ ਜਿਥੇ ਵੱਡੀ ਗਿਣਤੀ ਵਿਚ ਹਿੱਸਾ ਲੈ ਰਹੇ ਹਨ ਉਥੇ ਚਾਰ ਵੇਟਲਿਫ਼ਟਰਾਂ ਨੇ ਤਮਗ਼ੇ ਵੀ ਜਿੱਤੇ ਹਨ। ਭਾਰਤੀ ਹਾਕੀ ਟੀਮ ਦੇ ਕਪਤਾਨ ਸਣੇ 11 ਖਿਡਾਰੀ ਪੰਜਾਬ ਦੇ ਹਨ। ਇਸ ਮੌਕੇ ਪੰਜਾਬ ਤੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਅਤੇ ਖੇਡ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਜ ਕਮਲ ਚੌਧਰੀ ਤੇ ਡਾਇਰੈਕਟਰ ਰਾਜੇਸ਼ ਧੀਮਾਨ ਵੀ ਹਾਜ਼ਰ ਸਨ।
-----
ਫੋਟੋ ਕੈਪਸ਼ਨ
ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨਵੀਂ ਦਿੱਲੀ ਵਿਖੇ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਮੁਲਾਕਾਤ ਕਰਦੇ ਹੋਏ।
-------