
ਥਾਣਾ ਲੰਬੀ ਦੇ ਮਾਲਖ਼ਾਨਾ ਵਿਚ ਕੰਮ ਕਰਦਾ ਸੀ ASI ਗੁਰਪਾਲ ਸਿੰਘ
ਸ੍ਰੀ ਮੁਕਤਸਰ ਸਾਹਿਬ - ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ 'ਚ ਇਕ ਏਐੱਸਆਈ ਨੇ ਖੁਦਕੁਸ਼ੀ ਕਰ ਲਈ ਹੈ ਤੇ ਉਸ ਨੇ ਸੁਸਾਈਡ ਨੋਟ ਵਿਚ ਇਹ ਦੋਸ਼ ਲਗਾਏ ਹਨ ਕਿ ਉਸ ਨੂੰ ਖ਼ੁਦਕੁਸ਼ੀ ਲਈ ਮਜਬੂਰ ਕੀਤਾ ਗਿਆ ਹੈ। ਥਾਣਾ ਲੰਬੀ ਦੀ ਪੁਲਿਸ ਨੇ ਇਸ ਮਾਮਲੇ ਵਿਚ ਇਕ ਹੋਮਗਾਰਡ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਲਵਪ੍ਰੀਤ ਸਿੰਘ ਵਾਸੀ ਮੋਹਲਾਂ ਨੇ ਦੱਸਿਆ ਕਿ ਉਸ ਦਾ ਪਿਤਾ ਗੁਰਪਾਲ ਸਿੰਘ ਪੰਜਾਬ ਪੁਲਿਸ ਵਿਚ ਸਹਾਇਕ ਥਾਣੇਦਾਰ ਸੀ। ਕਾਫੀ ਸਮੇਂ ਤੋਂ ਉਹ ਥਾਣਾ ਲੰਬੀ ਵਿਚ ਬਤੌਰ ਕੇਅਰਟੇਕਰ ਮਲਖਾਨਾ ਵਿਚ ਕੰਮ ਕਰਦੇ ਸਨ।
ਲਵਪ੍ਰੀਤ ਸਿੰਘ ਨੇ ਦੱਸਿਆ ਕਿ 6 ਅਗਸਤ ਨੂੰ ਉਸ ਦਾ ਪਿਤਾ ਗੁਰਪਾਲ ਸਿੰਘ ਆਪਣੀ ਡਿਊਟੀ 'ਤੇ ਥਾਣਾ ਲੰਬੀ ਵਿਖੇ ਆਇਆ ਹੋਇਆ ਸੀ ਅਤੇ ਉਸ ਨੂੰ ਸਵੇਰੇ 5:40 ਵਜੇ ਸੂਚਨਾ ਮਿਲੀ ਕਿ ਪਿਤਾ ਗੁਰਪਾਲ ਸਿੰਘ ਨੇ ਥਾਣਾ ਲੰਬੀ ਦੇ ਰਿਹਾਇਸ਼ੀ ਕੁਆਰਟਰ 'ਚ ਪੱਖੇ ਨਾਲ ਫਾਹਾ ਲੈ ਲਿਆ। ਜਿਸ ਤੋਂ ਬਾਅਦ ਉਹ ਅਤੇ ਉਸ ਦਾ ਚਾਚਾ ਜਗਦੀਸ਼ ਸਿੰਘ ਥਾਣਾ ਲੰਬੀ ਵਿਖੇ ਪੁੱਜੇ ਅਤੇ ਐਸਐਚਓ ਸਵਰਨ ਸਿੰਘ ਨਾਲ ਆਪਣੇ ਪਿਤਾ ਦੇ ਕੁਆਰਟਰ ਵਿਚ ਚਲੇ ਗਏ। ਉਸ ਦੇ ਪਿਤਾ ਗੁਰਪਾਲ ਸਿੰਘ ਦੀ ਲਾਸ਼ ਕਮਰੇ ਦੇ ਛੱਤ ਵਾਲੇ ਪੱਖੇ ਨਾਲ ਲਟਕ ਰਹੀ ਸੀ।
ਉਸ ਨੇ ਕਿਹਾ ਕਿ ਇੱਕ ਸੰਤਰੀ ਰੰਗ ਦਾ ਪਰਨਾ ਉਹਨਾਂ ਦੇ ਗਲ ਵਿਚ ਸੀ ਤੇ ਪੱਖੇ ਨਾਲ ਬੰਨ੍ਹਿਆ ਹੋਇਆ ਸੀ। ਜਿਸ ਤੋਂ ਬਾਅਦ ਮੈਂ ਆਪਣੇ ਪਿਤਾ ਗੁਰਪਾਲ ਸਿੰਘ ਦੇ ਪਹਿਨੇ ਹੋਏ ਕੱਪੜਿਆਂ ਦੀ ਜਾਂਚ ਕੀਤੀ ਤਾਂ ਉਹਨਾਂ ਦੀ ਪੈਂਟ ਦੀ ਜੇਬ 'ਚੋਂ ਇਕ ਸੁਸਾਈਡ ਨੋਟ ਬਰਾਮਦ ਹੋਇਆ। ਜਿਸ ਵਿਚ ਲਿਖਿਆ ਸੀ ਕਿ ਮੇਰੇ ਪਿਤਾ ਦੇ ਨਾਲ ਪੀ.ਐਚ.ਜੀ.ਗੁਰਜੰਟ ਸਿੰਘ ਪਿਛਲੇ ਕਾਫੀ ਸਮੇਂ ਤੋਂ ਥਾਣਾ ਲੰਬੀ ਵਿਖੇ ਸਹਾਇਕ ਮਲਖਾਨਾ ਵਜੋਂ ਕੰਮ ਕਰ ਰਹੇ ਹਨ
ਜੋ ਕਿ ਮਲਖਾਨਾ ਥਾਣੇ ਵਿਚ ਪਈਆਂ ਵਸਤੂਆਂ ਬਾਰੇ ਕਾਫ਼ੀ ਜਾਣਕਾਰੀ ਰੱਖਦਾ ਹੈ ਤੇ ਗੁਰਜੰਟ ਸਿੰਘ ਮਾਲਖਾਨੇ ਵਿਚ ਪਈ ਲੱਖਾਂ ਰੁਪਏ ਦੀ ਨਕਦੀ ਚੋਰੀ ਕਰ ਕੇ ਲੈ ਗਿਆ ਤੇ ਮੇਰੇ ਪਿਤਾ ਨੇ ਉਸ ਦੀ ਵਾਪਸੀ ਦੀ ਮੰਗ ਕੀਤੀ ਪਰ ਗਰਜੰਟ ਸਿੰਘ ਵਾਪਸ ਨਹੀਂ ਕਰ ਰਿਹਾ ਸੀ। ਗਰਜੰਟ ਸਿੰਘ ਚੋਰੀ ਕੀਤੀ ਰਾਸ਼ੀ ਅਪਣੇ ਨਿੱਜੀ ਕੰਮਾਂ ਲਈ ਵਰਤਦਾ ਸੀ ਤੇ ਇਸ ਨਾਲ ਉਸ ਦੇ ਪਿਤਾ ਤਣਾਅ ਵਿਚ ਰਹਿਣ ਲੱਗ ਗਏ ਸੀ ਜਿਸ ਤੋਂ ਬਾਅਦ ਉਹਨਾਂ ਨੇ ਇਹ ਕਦਮ ਚੁੱਕਿਆ।
ਲਵਪ੍ਰੀਤ ਸਿੰਘ ਨੇ ਕਿਹਾ ਕਿ ਗੁਰਜੰਟ ਸਿੰਘ ਨੇ ਉਸ ਦੇ ਪਿਤਾ ਨੂੰ ਖੁਦਕੁਸ਼ੀ ਲਈ ਮਜਬੂਰ ਕੀਤਾ ਹੈ। ਸ਼ਿਕਾਇਤਕਰਤਾ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਗੁਰਜੰਟ ਸਿੰਘ ਨੇ ਮਲਖਾਨਾ ਥਾਣਾ ਲੰਬੀ ਤੋਂ ਲੱਖਾਂ ਰੁਪਏ ਦੀ ਚੋਰੀ ਕੀਤੀ ਹੈ ਜਿਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਥਾਣਾ ਲੰਬੀ ਦੀ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਦੋਸ਼ੀ ਪੀ.ਐੱਚ.ਜੀ ਗੁਰਜੰਟ ਸਿੰਘ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।