
ਮ੍ਰਿਤਕ ਸਿਰ ਕਰੀਬ ਢਾਈ ਲੱਖ ਰੁਪਏ ਦਾ ਸੀ ਕਰਜ਼ਾ
ਫਰੀਦਕੋਟ: ਫਰੀਦਕੋਟ ਜ਼ਿਲ੍ਹੇ ਦੇ ਕਸਬਾ ਜੈਤੋ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਕਰਜ਼ੇ ਤੋਂ ਤੰਗ ਆ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਬਾਜਾਖਾਨਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਹੈ। ਮ੍ਰਿਤਕ ਦੀ ਪਛਾਣ 32 ਸਾਲਾ ਅਮਰਜੀਤ ਸਿੰਘ ਪੁੱਤਰ ਬਾਬੂ ਸਿੰਘ ਵਾਸੀ ਰੁਲੀਆ ਸਿੰਘ ਨਗਰ ਹਾਲ ਵਾਸੀ ਅੱਡਾ ਪੱਤੀ ਜੈਤੋ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਹਿਮਾਚਲ ਘੁੰਮਣ ਗਏ ਪੰਜਾਬ ਦੇ ਨੌਜਵਾਨ ਲੜਕਾ-ਲੜਕੀ ਦੀ ਹੋਈ ਮੌਤ, ਖੱਡ 'ਚ ਡਿੱਗੀ ਕਾਰ
ਮ੍ਰਿਤਕ ਦੀ ਪਤਨੀ ਰਮਨਦੀਪ ਕੌਰ ਨੇ ਦਸਿਆ ਕਿ ਉਨ੍ਹਾਂ ਦੇ ਘਰ ਦੀ ਛੱਤ ਡਿੱਗ ਗਈ ਸੀ, ਜਿਸ ਤੋਂ ਬਾਅਦ ਉਹ ਪਿੰਡ ਰੁਲੀਆ ਵਾਲਾ ਛੱਡ ਕੇ ਜੈਤੋ ਸ਼ਹਿਰ ਨੇੜੇ ਰਹਿਣ ਲੱਗ ਪਏ ਸਨ। ਪਤੀ ਮਜ਼ਦੂਰੀ ਕਰਦਾ ਸੀ। ਉਸ ਨੇ ਬੈਂਕ ਤੋਂ 1.70 ਲੱਖ ਅਤੇ 50 ਹਜ਼ਾਰ ਰੁਪਏ ਦੇ ਦੋ ਕਰਜ਼ੇ ਲਏ ਸਨ। ਕੰਮ ਮਿਲਣ ਵਿੱਚ ਮੁਸ਼ਕਲ ਆ ਰਹੀ ਸੀ। ਅਜਿਹੇ 'ਚ ਬੈਂਕ 'ਚ ਕਿਸ਼ਤ ਜਮ੍ਹਾ ਕਰਵਾਉਣਾ ਕਾਫੀ ਮੁਸ਼ਕਿਲ ਹੋ ਰਿਹਾ ਸੀ।
ਇਹ ਵੀ ਪੜ੍ਹੋ: ਨਵਾਂਸ਼ਹਿਰ 'ਚ ਥਾਰ ਤੇ ਪੁਲਿਸ ਬੱਸ ਦੀ ਆਹਮੋ-ਸਾਹਮਣੇ ਹੋਈ ਭਿਆਨਕ ਟੱਕਰ, ਇਕ ਨੌਜਵਾਨ ਗੰਭੀਰ ਜ਼ਖ਼ਮੀ
ਰਮਨਦੀਪ ਅਨੁਸਾਰ ਅਮਰਜੀਤ ਇਸ ਕਾਰਨ ਕਾਫੀ ਪਰੇਸ਼ਾਨ ਰਹਿੰਦਾ ਸੀ। ਉਹ ਮਾਨਸਿਕ ਤਣਾਅ ਤੋਂ ਪੀੜਤ ਸੀ। ਇਸ ਦੌਰਾਨ ਉਸ ਨੇ ਦਰੱਖਤ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਅਮਰਜੀਤ ਸਿੰਘ ਆਪਣੇ ਪਿੱਛੇ 11 ਅਤੇ 6 ਸਾਲ ਦੇ ਦੋ ਪੁੱਤਰ ਛੱਡ ਗਏ ਹਨ। ਸੂਬਾ ਸਰਕਾਰ ਤੋਂ ਮੰਗ ਹੈ ਕਿ ਉਨ੍ਹਾਂ ਦਾ ਬੈਂਕ ਕਰਜ਼ਾ ਮੁਆਫ਼ ਕੀਤਾ ਜਾਵੇ ਅਤੇ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਬੱਚਿਆਂ ਦੇ ਪਾਲਣ-ਪੋਸ਼ਣ ਲਈ ਆਰਥਿਕ ਮਦਦ ਕੀਤੀ ਜਾਵੇ। ਥਾਣਾ ਬਾਜਾਖਾਨਾ ਦੇ ਏਐਸਆਈ ਬਲਤੇਜ ਸਿੰਘ ਨੇ ਦਸਿਆ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।