
ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਡਾ. ਹਰਚਰਨ ਸਿੰਘ ਨੂੰ ਦਿਤੀ ਅੰਤਮ ਵਿਦਾਇਗੀ
ਮੁੱਲਾਂਪੁਰ ਗ਼ਰੀਬਦਾਸ, ਚੰਡੀਗੜ੍ਹ, 6 ਸਤੰਬਰ (ਰਵਿੰਦਰ ਸਿੰਘ ਸੈਣੀ, ਨੀਲ ਭਲਿੰਦਰ ਸਿੰਘ) : ਗੁਰੂ ਚਰਨਾਂ ਵਿਚ ਜਾ ਬਿਰਾਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਉਘੇ ਸਿੱਖ ਵਿਦਵਾਨ ਸ: ਹਰਚਰਨ ਸਿੰਘ ਦੇ ਸਰੀਰ ਦੇ ਸੰਗਤਾਂ ਨੂੰ ਅੰਤਮ ਦਰਸ਼ਨ ਗੁਰਦਵਾਰਾ ਈਸ਼ਰ ਪ੍ਰਕਾਸ਼ ਰਤਵਾੜਾ ਸਾਹਿਬ (Îਿਨਊ ਚੰਡੀਗੜ੍ਹ) ਵਿਖੇ ਕਰਵਾਏ ਗਏ। ਬੀਤੇ ਦਿਨੀਂ ਡਾ. ਹਰਚਰਨ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਸੀ।
ਵਿਸ਼ਵ ਗੁਰਮਤਿ ਰੂਹਾਨੀ ਮਿਸ਼ਨ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਬਾਬਾ ਲਖਬੀਰ ਸਿੰਘ ਨੇ ਮ੍ਰਿਤਕ ਦੇਹ 'ਤੇ ਦੁਸ਼ਾਲਾ ਪਾਉਂਦਿਆਂ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਬਾਬਾ ਲਖਬੀਰ ਸਿੰਘ ਨੇ ਭਾਵੁਕਤਾ ਭਰੇ ਮਾਹੌਲ ਵਿਚ ਦੋ ਸ਼ਬਦ ਬੋਲਦਿਆਂ ਆਖਿਆ ਕਿ ਅਹਿਮ ਸ਼ਖ਼ਸੀਅਤ ਸ. ਹਰਚਰਨ ਸਿੰਘ ਭਾਵੇਂ ਸਾਡੇ ਵਿਚ ਨਹੀਂ ਰਹੇ, ਪਰ ਪੰਥ ਪ੍ਰਤੀ ਦਰਦ, ਕੌਮ ਤੇ ਸਮਾਜ ਲਈ ਕੀਤੀਆਂ ਸੇਵਾਵਾਂ ਕਰ ਕੇ ਉਹ ਹਮੇਸ਼ਾ ਯਾਦ ਰਹਿਣਗੇ। ਬਾਬਾ ਲਖਬੀਰ ਸਿੰਘ ਅਨੁਸਾਰ ਸ. ਹਰਚਰਨ ਸਿੰਘ ਵਲੋਂ ਰਤਵਾੜਾ ਸਾਹਿਬ ਵਿਖੇ ਬਿਰਧ ਆਸ਼ਰਮ ਚਲਾਇਆ ਜਾ ਰਿਹਾ ਸੀ। ਉਹ ਸਮੇਂ ਸਮੇਂ ਦੇਸ਼, ਕੌਮ ਵਿਚ ਦਰਪੇਸ਼ ਸਮੱਸਿਆਵਾਂ ਬਾਰੇ ਅਕਸਰ ਸੱਚ 'ਤੇ ਆਧਾਰਤ ਤੱਥ ਪ੍ਰਗਟ ਕਰਦੇ ਰਹਿੰਦੇ ਸਨ। ਉਨ੍ਹਾਂ ਦੇ ਵਿਛੋੜੇ ਨਾਲ ਪ੍ਰਵਾਰ ਸਮੇਤ ਕੌਮ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਬਾਬਾ ਹਰਪਾਲ ਸਿੰਘ ਨੇ ਆਖਿਆ ਕਿ ਅਜੋਕੇ ਸਮੇਂ ਅਜਿਹੇ ਵਿਦਵਾਨਾਂ ਦੀ ਅਤਿਅੰਤ ਲੋੜ ਹੈ। ਵਿਰਲਿਆਂ ਵਿਚੋਂ ਸ. ਹਰਚਰਨ ਸਿੰਘ ਸਨ, ਜਿਨ੍ਹਾਂ ਦੀ ਕਲਮ ਤੇ ਜੁਬਾਨ ਨੇ ਹਮੇਸ਼ਾ ਸੱਚ ਲਿਖਿਆ ਤੇ ਬੋਲਿਆ।
ਇਸ ਮੌਕੇ ਬਾਬਾ ਲਖਬੀਰ ਸਿੰਘ, ਬਾਬਾ ਹਰਪਾਲ ਸਿੰਘ ਤੋਂ ਇਲਾਵਾ ਭਾਈ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ, ਸਵ. ਹਰਚਰਨ ਸਿੰਘ ਦੇ ਭਰਾ ਕਰਨਲ ਰਜਿੰਦਰ ਸਿੰਘ, ਉਨ੍ਹਾਂ ਦੀ ਮਾਤਾ ਤੇ ਪਰਵਾਰਕ imageਮੈਂਬਰ ਹਾਜ਼ਰ ਸਨ। ਬਾਅਦ ਦੁਪਹਿਰ ਸਵ. ਹਰਚਰਨ ਸਿੰਘ ਦੇ ਪੰਜ ਭੌਤਿਕ ਸਰੀਰ ਦਾ ਸਸਕਾਰ ਕਰਨ ਲਈ ਸ਼ਮਸ਼ਾਨਘਾਟ ਸੈਕਟਰ 25 ਚੰਡੀਗੜ੍ਹ ਵਿਖੇ ਉਨ੍ਹਾਂ ਦੀ ਬੇਟੀ ਨਿੰਮੀ ਵਲੋਂ ਅਗਨੀ ਭੇਟ ਕਰਦਿਆਂ ਹੋਇਆ ਹਜ਼ਾਰਾਂ ਨਮ ਅੱਖਾਂ ਨਾਲ ਸੰਗਤਾਂ ਨੇ ਅੰਤਮ ਵਿਦਾਇਗੀ ਦਿਤੀ। ਇਸ ਮੌਕੇ ਸਮਾਜ ਸੇਵੀ ਹਰਜਿੰਦਰ ਸਿੰਘ ਜਿੰਦੂ ਸੂੰਕ, ਮੋਹਨ ਸਿੰਘ ਰਤਵਾੜਾ ਅਤੇ ਹੋਰ ਬਿਰਧ ਆਸ਼ਰਮ ਦੇ ਸਮੂਹ ਮੈਂਬਰ ਹਾਜ਼ਰ ਸਨ।