
ਬਦਲੇ ਹੋਏ ਮੌਸਮ ਅਤੇ ਤਾਲਾਬੰਦੀ ਕਾਰਨ ਪੰਜਾਬ 'ਚ ਬਿਜਲੀ ਦੀ ਖਪਤ 7900 ਮੈਗਾਵਾਟ ਤਕ ਹੀ ਸੀਮਤ
ਪੰਜਾਬ ਬਿਜਲੀ ਨਿਗਮ ਨਿਜੀ ਤਾਪ ਬਿਜਲੀ ਘਰਾਂ ਤੋਂ ਖ਼ਰੀਦ ਰਿਹੈ ਬਿਜਲੀ
ਪਟਿਆਲਾ, 6 ਸਤੰਬਰ (ਜਸਪਾਲ ਸਿੰਘ ਢਿੱਲੋਂ) : ਪੰਜਾਬ ਦੇ ਕਈ ਖੇਤਰਾਂ ਵਿਚ ਹਾਲ ਹੀ 'ਚ ਬਰਸਾਤ ਹੋ ਕੇ ਹਟੀ ਹੈ ਜਿਸ ਦਾ ਸਿੱਧਾ ਅਸਰ ਰਾਜ ਦੀ ਬਿਜਲੀ ਖਪਤ 'ਤੇ ਪਿਆ ਹੈ। ਇਸ ਨਾਲ ਹੀ ਹਫ਼ਤਾਵਾਰੀ ਬਾਜ਼ਾਰ ਬੰਦ ਕਾਰਨ ਵੀ ਬਿਜਲੀ ਦੀ ਖਪਤ ਘਟੀ ਹੈ। ਬਿਜਲੀ ਨਿਗਮ ਦੇ ਤਾਜ਼ਾ ਅੰਕੜੇ ਦਸਦੇ ਹਨ ਕਿ ਰਾਜ ਅੰਦਰ ਇਸ ਵੇਲੇ ਬਿਜਲੀ ਦੀ ਖਪਤ ਦਾ ਅੰਕੜਾ 7900 ਮੈਗਾਵਾਟ ਹੈ, ਜੋ ਜੂਨ ਦੇ ਮਹੀਨੇ 'ਚ 13000 ਮੈਗਾਵਾਟ ਨੂੰ ਪਾਰ ਕਰ ਜਾਂਦੀ ਹੈ।
ਬਿਜਲੀ ਨਿਗਮ ਸਮਝੌਤਿਆਂ ਮੁਤਾਬਕ ਨਿਜੀ ਖੇਤਰ ਤੇ ਦੋ ਤਾਪ ਬਿਜਲੀ ਘਰਾਂ ਤੋਂ 1663 ਮੈਗਾਵਾਟ ਬਿਜਲੀ ਦੀ ਖ਼ਰੀਦ ਕਰ ਰਿਹਾ ਹੈ। ਇਸ ਵਿਚ ਰਾਜਪੁਰਾ ਦੇ ਨਲਾਸ ਤਾਪ ਬਿਜਲੀ ਘਰ ਦੇ ਦੋ ਯੂਨਿਟਾਂ ਤੋਂ 1031 ਮੈਗਾਵਾਟ ਅਤੇ ਤਲਵੰਡੀ ਸਾਬੋ ਤਾਪ ਬਿਜਲੀ ਘਰ ਵਣਾਵਾਲੀ ਦੇ ਦੋ ਯੂਨਿਟਾਂ ਤੋਂ 632 ਮੈਗਾਵਾਟ ਬਿਜਲੀ ਸ਼ਾਮਲ ਹੈ। ਜੀਵੀਕੇ ਤਾਪ ਬਿਜਲੀ ਘਰ ਦਾ ਉਤਪਾਦਨ ਬੰਦ ਹੈ। ਬਿਜਲੀ ਨਿਗਮ ਦੇ ਅਪਣੇ ਤਾਪ ਬਿਜਲੀ ਘਰ ਵੀ ਹਾਲ ਦੀ ਘੜੀ ਬਿਜਲੀ ਦੀ ਘਟੀ ਹੋਈ ਖਪਤ ਕਾਰਨ ਬੰਦ ਰੱਖੇ ਹੋਏ ਹਨ। ਬਿਜਲੀ ਖਪਤ ਦੀ ਪੂਰਤੀ ਲਈ ਪਣ ਬਿਜਲੀ ਘਰਾਂ ਦਾ ਵੀ ਅਹਿਮ ਯੋਗਦਾਨ ਹੈ। ਇਹ ਪਣ ਬਿਜਲੀ ਘਰ 532 ਮੈਗਾਵਾਟ ਬਿਜਲੀ ਦਾ ਅਪਣਾ ਯੋਗਦਾਨ ਪਾ ਰਹੇ ਹਨ। ਇਸ ਵਿਚ ਰਣਜੀਤ ਸਾਗਰ ਡੈਮ ਤੋਂ 149 ਮੈਗਾਵਾਟ, ਮੁਕੇਰੀਆਂ ਪਣ ਬਿਜਲੀ ਘਰ ਤੋਂ 149 ਮੈਗਾਵਾਟ, ਆਨੰਦਪੁਰ ਸਾਹਿਬ ਪਣ ਬਿਜਲੀ ਘਰ ਦੇ ਦੋ ਯੂਨਿਟਾਂ ਤੋਂ 121 ਮੈਗਾਵਾਟ ਅਤੇ ਹਿਮਾਚਲ ਪ੍ਰਦੇਸ਼ ਸਥਿਤ ਸ਼ਾਨਨ ਪਣ ਬਿਜਲੀ ਘਰ ਤੋਂ 83 ਮੈਗਾਵਾਟ ਬਿਜਲੀ ਦਾ ਯੋਗਦਾਨ ਪਾਇਆ ਜਾ ਰਿਹਾ ਹੈ।
ਜੇਕਰ ਨਵਿਆਉਣਯੋਗ ਸਰੋਤਾਂ ਦੇ ਬਿਜਲੀ ਉਤਪਾਦਨ ਨੂੰ ਦੇਖਿਆ ਜਾਵੇ ਤਾਂ ਸਪਸ਼ਟ ਹੈ ਕਿ ਇਨ੍ਹਾਂ ਸਰੋਤਾਂ ਤੋਂ 236 ਮੈਗਾਵਾਟ ਬਿਜਲੀ ਉਤਪਾਦਨ ਪੰਜਾਬ ਅੰਦਰ ਹੋ ਰਿਹਾ ਹੈ। ਇਸ ਵਿਚ ਸੌਰ ਊਰਜਾ ਦੇ ਪ੍ਰਾਜੈਕਟਾਂ ਤੋਂ 186 ਮੈਗਾਵਾਟ ਤੇ ਗ਼ੈਰ ਸੌਰ ਊਰਜਾ ਦੇ ਪ੍ਰਾਜੈਕਟਾਂ ਤੋਂ 50 ਮੈਗਾਵਾਟ ਬਿਜਲੀ ਪ੍ਰਾਪਤ ਹੋ ਰਹੀ ਹੈ। ਬਿਜਲੀ ਨਿਗਮ ਦੇ ਇਕ ਬੁਲਾਰੇ ਦਾimage ਕਹਿਣਾ ਹੈ ਕਿ ਬਿਜਲੀ ਨਿਗਮ ਬਿਨਾਂ ਕਿਸੇ ਬਿਜਲੀ ਕੱਟ ਤੇ ਸਾਰੇ ਖੇਤਰਾਂ ਨੂੰ ਨਿਰਵਿਘਨ ਬਿਜਲੀ ਪ੍ਰਦਾਨ ਕਰ ਰਿਹਾ ਹੈ।