
'ਆਪ' ਦੇ ਸੰਜੇ ਸਿੰਘ ਦੀ ਗਿ੍ਫ਼ਤਾਰੀ ਲਈ ਗ਼ੈਰ ਜ਼ਮਾਨਤੀ ਵਰੰਟ ਜਾਰੀ
ਮਜੀਠੀਆ ਦੀ ਮਾਨਹਾਨੀ ਦੇ ਕੇਸ ਦੇ ਸਬੰਧ ਵਿਚ ਲੁਧਿਆਣਾ ਦੀ ਅਦਾਲਤ ਨੇ ਦਿਤੇ ਹੁਕਮ
ਲੁਧਿਆਣਾ, 6 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ): ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੀ ਗਿ੍ਫ਼ਤਾਰੀ ਲਈ ਲੁਧਿਆਣਾ ਦੀ ਅਦਾਲਤ ਨੇ ਗ਼ੈਰ ਜ਼ਮਾਨਤੀ ਵਰੰਟ ਜਾਰੀ ਕੀਤੇ ਹਨ | ਇਸ ਸਬੰਧ ਵਿਚ ਅਗਲੀ ਤਰੀਕ 17 ਸਤੰਬਰ ਤੈਅ ਕਰਦਿਆਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਇਸ ਦਿਨ ਤਕ ਸੰਜੇ ਸਿੰਘ ਨੂੰ ਗਿ੍ਫ਼ਤਾਰ ਕਰ ਕੇ ਅਦਾਲਤ ਵਿਚ ਪੇਸ਼ ਕਰਨ ਲਈ ਕਿਹਾ ਹੈ | ਇਹ ਕਾਰਵਾਈ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਸੰਜੇ ਸਿੰਘ ਵਿਰੁਧ ਚੱਲ ਰਹੇ ਨਸ਼ਿਆਂ ਦੇ ਮਾਮਲੇ ਨੂੰ ਲੈ ਕੇ ਮਾਨਹਾਨੀ ਦੇ ਕੇਸ ਵਿਚ ਹੋਈ ਹੈ | ਅੱਜ ਸੰਜੇ ਸਿੰਘ ਦੀ ਪੇਸ਼ੀ ਸੀ ਪਰ ਉਹ ਪੇਸ਼ ਨਹੀਂ ਹੋਏ ਤੇ ਉਨ੍ਹਾਂ ਦੇ ਵਕੀਲ ਨੇ ਛੋਟ ਮੰਗੀ ਪਰ ਜੱਜ ਨੇ ਸਖ਼ਤ ਟਿੱਪਣੀਆਂ ਕਰਨ ਤੋਂ ਬਾਅਦ ਸੰਜੇ ਸਿੰਘ ਦੇ ਜ਼ਮਾਨਤੀ ਬਾਂਡ ਵੀ ਰੱਦ ਕਰ ਦਿਤੇ | ਜੱਜ ਸਾਹਿਬ ਇਸ ਗੱਲ ਤੋਂ ਨਾਰਾਜ਼ ਹੋਏ ਕਿ ਅੱਜ ਤਕ ਪਈਆਂ 71 'ਚੋਂ 4 ਪੇਸ਼ੀਆਂ ਉਪਰ ਹੀ ਸੰਜੇ ਸਿੰਘ ਅਦਾਲਤ ਵਿਚ ਪੇਸ਼ ਹੋਏ ਹਨ | ਜ਼ਿਕਰਯੋਗ ਹੈ ਕਿ 'ਆਪ' ਮੁਖੀ ਅਰਵਿੰਦਰ ਕੇਜਰੀਵਾਲ ਨੇ ਤਾਂ ਮਜੀਠੀਆ ਤੋਂ ਮਾਨਹਾਨੀ ਮਾਮਲੇ ਵਿਚ ਮਾਫ਼ੀ ਮੰਗ ਲਈ ਸੀ ਪਰ ਸੰਜੇ ਸਿੰਘ ਨੇ ਮਾਫ਼ੀ ਨਾ ਮੰਗਣ ਦਾ ਐਲਾਨ ਕੀਤਾ ਸੀ, ਜਿਸ ਕਾਰਨ ਉਸ ਵਿਰੁਧ ਲੁਧਿਆਣਾ ਦੀ ਅਦਾਲਤ ਵਿਚ ਕੇਸ ਚੱਲ ਰਿਹਾ ਹੈ |