
ਨਿਪਾਹ ਵਾਇਰਸ : ਮ੍ਰਿਤਕ ਬੱਚੇ ਦੇ ਸੰਪਰਕ ’ਚ ਆਏ ਲੋਕਾਂ ਦਾ ਪਤਾ ਲਗਾਉਣ ਲਈ ਯਤਨ ਤੇਜ਼
ਕੋਝਿਕੋਡ (ਕੇਰਲ), 6 ਸਤੰਬਰ : ਕੇਰਲ ਦੀ ਸਿਹਤ ਮੰਤਰੀ ਵੀਣਾ ਜਾਰਜ ਨੇ ਸੋਮਵਾਰ ਨੂੰ ਇਸ ਗੱਲ ’ਤੇ ਜ਼ੋਰ ਦਿਤਾ ਕਿ ਸੂਬੇ ਦਾ ਸਿਹਤ ਮਹਿਕਮਾ ਨਿਪਾਹ ਵਾਇਰਸ ਦੇ ਜਨਮ ਸਬੰਧੀ ਪਤਾ ਲਗਾਉਣ ਅਤੇ ਇਸ ਦੇ ਸੰਪਰਕ ਵਿਚ ਆਏ ਲੋਕਾਂ ਦੀ ਪਛਾਣ ਕਰਨ ਵਿਚ ਤੇਜ਼ੀ ਲਿਆਵੇ। ਉਨ੍ਹਾਂ ਕਿਹਾ ਕਿ ਅਜਿਹਾ ਖ਼ਦਸ਼ਾ ਹੈ ਕਿ ਨਿਪਾਹ ਕਾਰਨ ਜਾਨ ਗਵਾਉਣ ਵਾਲੇ 12 ਸਾਲ ਦੇ ਲੜਕੇ ਦੇ ਸੰਪਰਕ ਵਿਚ ਕਈ ਲੋਕ ਆਏ ਹੋਣਗੇ। ਜਾਰਜ ਨੇ ਪੱਤਰਕਾਰਾਂ ਨੂੰ ਕਿਹਾ ਕਿ ਲੜਕੇ ਦੇ ਸੰਪਰਕ ਵਿਚ ਆਏ 20 ਲੋਕਾਂ ਵਿਚੋਂ ਸੱਤ ਲੋਕਾਂ ਦੇ ਨਮੂਨੇ ਪੂਣੇ ਦੇ ਰਾਸ਼ਟਰੀ ਵਿਸ਼ਾਣੂ ਵਿਗਿਆਨ ਸੰਸਥਾਨ (ਐਨਆਈਵੀ) ਭੇਜੇ ਗਏ ਹਨ। ਲੜਕੇ ਦੀ ਐਤਵਾਰ ਸਵੇਰੇ ਨਿਪਾਹ ਵਾਇਰਸ ਕਾਰਨ ਮੌਤ ਹੋ ਗਈ ਸੀ। ਉਨ੍ਹਾਂ ਕਿਹਾ,‘‘ਵਾਇਰਸ ਦੇ ਸੰਪਰਕ ਵਿਚ ਆਏ ਲੋਕਾਂ ਦੀ ਤੇਜ਼ੀ ਨਾਲ ਪਛਾਣ ਸੱਭ ਤੋਂ ਜ਼ਰੂਰੀ ਹੈ। ਅਸੀਂ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੇ ਅਪਣੇ ਕਰਮਚਾਰੀਆਂ ਨੂੰ ਇਸ ਦੇ ਲਈ ਸਿਖਿਆ ਦੇ ਰਹੇ ਹਾਂ। ਵਾਇਰਸ ਦੇ ਪੈਦਾ ਹੋਣ ਦਾ ਪਤਾ ਲਗਾਉਣਾ ਵੀ ਜ਼ਰੂਰੀ ਹੈ। ਅਸੀਂ ਕੱਲ੍ਹ 188 ਲੋਕਾਂ ਦੀ ਪਛਾਣ ਕੀਤੀ ਸੀ। ਅਜਿਹਾ ਹੋ ਸਕਦਾ ਹੈ ਕਿ ਇਸ ਦੇ ਸੰਪਰਕ ਵਿਚ ਆਏ ਲੋਕ ਆਏ ਹੋਣ। ਅਸੀਂ ਸਾਰਿਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।’’ (ਪੀਟੀਆਈ)