
ਇਹ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ।
ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ)- ਸ਼ਹਿਰ ਦੇ ਮੋਹਕਮਪੁਰਾ ਵਿਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਇੱਥੇ ਇੱਕ 8 ਮਹੀਨੇ ਦੀ ਗਰਭਵਤੀ ਮਹਿਲਾ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਕ ਹੋਰ ਨੌਜਵਾਨ ਨੂੰ ਘਰ ਦੇ ਦਰਵਾਜ਼ੇ ਤੋਂ ਕਰੰਟ ਲੱਗਾ ਜਦੋਂ ਉਹ ਘਰ ਵਿਚ ਜਾਣ ਲੱਗਾ ਸੀ। ਇਹ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ। ਫਿਲਹਾਲ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਮਹਿਲਾ ਦੇ ਜੀਜਾ ਵਿਸ਼ਾਲ ਨੇ ਦੱਸਿਆ ਕਿ ਘਰ ਦੇ ਬਾਹਰ ਸਰਕਾਰੀ ਮੀਟਰ 'ਤੇ ਕੁਝ ਤਾਰਾਂ ਨੰਗੀਆਂ ਸਨ ਮੀਂਹ ਦੇ ਮੌਸਮ ਕਾਰਨ ਘਰ ਦੇ ਦਰਵਾਜ਼ੇ ਤੱਕ ਕਰੰਟ ਪਹੁੰਚ ਗਿਆ। ਮਹਿਲਾ ਗੇਟ ਦੇ ਕੋਲ ਖੜ੍ਹ ਕੇ ਪਾਣੀ ਪੀ ਰਹੀ ਸੀ। ਉਸ ਦੇ ਪੈਰ ਨੰਗੇ ਸਨ ਜਿਸ ਕਾਰਨ ਉਸ ਨੂੰ ਕਰੰਟ ਨੇ ਅਪਣੀ ਲਪੇਟ ਵਿਚ ਲੈ ਲਿਆ ਤੇ ਉਸ ਦੀ ਮੌਤ ਹੋ ਗਈ। ਮਹਿਲਾ ਦੀ ਮੌਤ ਤੋਂ ਬਾਅਦ ਪਰਿਵਾਰ ਵਾਲਿਆਂ ਦਾ ਬੁਰਾ ਹਾਲ ਹੈ।
ਇਹ ਵੀ ਪੜ੍ਹੋ - ਸਿੰਘਾਂ ਦੇ ਰੋਹ ਅੱਗੇ ਝੁਕੀ ਹਰਿਆਣਾ ਸਰਕਾਰ, ਕਕਾਰਾਂ 'ਤੇ ਲਗਾਈ ਪਾਬੰਦੀ ਹਟਾਈ
ਇਸ ਦੇ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਮਹਿਲਾ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ ਸੀ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਦੱਸ ਦਈਏ ਕਿ ਮ੍ਰਿਤਕ ਮਹਿਲਾ ਦਾ ਇਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਮਹਿਲਾ ਦਾ ਮੌਤ ਤੋਂ ਕੁੱਝ ਸਮਾਂ ਪਹਿਲਾਂ ਹੀ ਅਪਣੇ ਸਹੁਰੇ ਪਰਿਵਾਰ ਨਾਲ ਝਗੜਾ ਹੋਇਆ ਸੀ।