
ਆਰ.ਐਸ.ਐਸ. ਦੀ ਤੁਲਨਾ ਤਾਲਿਬਾਨ ਨਾਲ ਕਰਨ ’ਚ ਜਾਵੇਦ ਅਖ਼ਤਰ ਗ਼ਲਤ : ਸ਼ਿਵ ਸੈਨਾ
ਮੁੰਬਈ, 6 ਸਤੰਬਰ : ਸ਼ਿਵ ਸੈਨਾ ਨੇ ਸੋਮਵਾਰ ਨੂੰ ਕਿਹਾ ਕਿ ਰਾਸ਼ਟਰੀ ਸਵੈ ਸੇਵਕ ਸੰਘ (ਆਰ.ਐਸ.ਐਸ.) ਦੀ ਤਾਲਿਬਾਨ ਨਾਲ ਤੁਲਨਾ ਕਰਨ ’ਚ ਗੀਤਕਾਰ ਜਾਵੇਦ ਅਖ਼ਤਰ ‘ਪੂਰੀ ਤਰ੍ਹਾਂ ਨਾਲ ਗ਼ਲਤ’ ਹਨ। ਸ਼ਿਵ ਸੈਨਾ ਦੇ ਮੁੱਖ ਪੱਤਰ ‘ਸਾਮਨਾ’ ਦੇ ਸੰਪਾਦਕੀ ’ਚ ਕਿਹਾ ਗਿਆ ਹੈ,‘‘ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਹਿੰਦੂ ਰਾਸ਼ਟਰ ਦੀ ਧਾਰਨਾ ਦਾ ਸਮਰਥਨ ਕਰਨ ਵਾਲੇ ਤਾਲਿਬਾਨੀ ਮਾਨਸਿਕਤਾ ਦੇ ਹਨ? ਅਸੀਂ ਇਸ ਨਾਲ ਸਹਿਮਤ ਨਹੀਂ ਹਾਂ।’’ ਅਖ਼ਤਰ ਨੇ ਹਾਲ ਹੀ ਵਿਚ ਇਕ ਸਮਾਚਾਰ ਚੈਨਲ ਨੂੰ ਕਿਹਾ ਸੀ ਕਿ ਪੂਰੀ ਦੁਨੀਆ ’ਚ ਦੱਖਣਪੰਥੀਆਂ ’ਚ ਇਕ ਅਨੋਖੀ ਸਮਾਨਤਾ ਹੈ। ਗੀਤਕਾਰ ਨੇ ਆਰ.ਐਸ.ਐਸ. ਦਾ ਨਾਮ ਲਏ ਬਿਨਾਂ ਕਿਹਾ ਸੀ,‘‘ਤਾਲਿਬਾਨ ਇਕ ਇਸਲਾਮੀ ਦੇਸ਼ ਚਾਹੁੰਦਾ ਹੈ। ਇਹ ਲੋਕ ਇਕ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਹਨ।’’ ‘ਸਾਮਨਾ’ ਦੇ ਸੰਪਾਦਕੀ ’ਚ ਉਨ੍ਹਾਂ ਦੀ ਟਿੱਪਣੀ ਦਾ ਜ਼ਿਕਰ ਕਰਦੇ ਹੋਏ ਕਿਹਾ ਗਿਆ ਹੈ,‘‘ਭਾਵੇਂ ਹੀ ਜਾਵੇਦ ਅਖ਼ਤਰ ਇਕ ਧਰਮਨਿਰਪੱਖ ਵਿਅਕਤੀ ਹਨ ਅਤੇ ਕੱਟੜਤਾ ਵਿਰੁਧ ਬੋਲਦੇ ਹਨ ਪਰ ਉਨ੍ਹਾਂ ਦਾ ਆਰ.ਐਸ.ਐਸ. ਦੀ ਤੁਲਨਾ ਤਾਲਿਬਾਨ ਨਾਲ ਕਰਨਾ ਪੂਰੀ ਤਰ੍ਹਾਂ ਗ਼ਲਤ ਹੈ।’’
‘ਸਾਮਨਾ’ ਦੇ ਸੰਪਾਦਕੀ ’ਚ ਕਿਹਾ ਗਿਆ ਹੈ ਕਿ ਹਿੰਦੂ ਰਾਸ਼ਟਰ ਦਾ ਪ੍ਰਚਾਰ ਕਰਨ ਵਾਲਿਆਂ ਦਾ ਰੁਖ਼ ਨਰਮ ਹੈ। ਇਸ ’ਚ ਕਿਹਾ ਗਿਆ,‘‘ਜਿਸ ਵੰਡ ਕਾਰਨ ਪਾਕਿਸਤਾਨ ਦਾ ਨਿਰਮਾਣ ਹੋਇਆ, ਉਹ ਧਰਮ ’ਤੇ ਆਧਾਰਤ ਸੀ। ਜੋ ਲੋਕ ਹਿੰਦੂ ਰਾਸ਼ਟਰ ਦਾ ਸਮਰਥਨ ਕਰਦੇ ਹਨ, ਉਹ ਸਿਰਫ ਇਹ ਚਾਹੁੰਦੇ ਹਨ ਕਿ ਬਹੁ ਗਿਣਤੀ ਹਿੰਦੂਆਂ ਨੂੰ ਦਰਕਿਨਾਰ ਨਾ ਕੀਤਾ ਜਾਵੇ। ਹਿੰਦੁਤਵ ਇਕ ਸੰਸਕਿ੍ਰਤੀ ਹੈ ਅਤੇ ਭਾਈਚਾਰੇ ਦੇ ਲੋਕ ਇਸ ਸੰਸਕਿ੍ਰਤੀ ’ਤੇ ਹਮਲਾ ਕਰਨ ਵਾਲਿਆਂ ਨੂੰ ਰੋਕਣ ਦੇ ਅਧਿਕਾਰ ਦੀ ਮੰਗ ਕਰਦੇ ਹਨ।’’ ਸ਼ਿਵ ਸੈਨਾ ਨੇ ਅੱਗੇ ਕਿਹਾ ਕਿ ਹਿੰਦੁਤਵ ਦੀ ਤਾਲਿਬਾਨ ਨਾਲ ਤੁਲਨਾ ਹਿੰਦੂ ਸੰਸਕਿ੍ਰਤੀ ਦਾ ਅਪਮਾਨ ਹੈ। ਇਸ ’ਚ ਕਿਹਾ ਗਿਆ,‘‘ਇਕ ਹਿੰਦੂ ਬਹੁਲ ਦੇਸ਼ ਹੋਣ ਦੇ ਬਾਵਜੂਦ, ਅਸੀਂ ਧਰਮ ਨਿਰਪੱਖਤਾ ਦਾ ਝੰਡਾ ਲਹਿਰਾਇਆ ਹੈ। ਹਿੰਦੁਤਵ ਦੇ ਸਮਰਥਕ ਸਿਰਫ ਇਹੀ ਚਾਹੁੰਦੇ ਹਨ ਕਿ ਹਿੰਦੂਆਂ ਨੂੰ ਦਰਕਿਨਾਰ ਕੀਤਾ ਜਾਵੇ।’’ ਇਸ ’ਚ ਕਿਹਾ ਗਿਆ ਹੈ,‘‘ਤੁਹਾਡਾ ਆਰ.ਐਸ.ਐਸ. ਨਾਲ ਮਤਭੇਦ ਹੋ ਸਕਦਾ ਹੈ ਪਰ ਉਨ੍ਹਾਂ ਦੇ ਦਰਸ਼ਨ ਨੂੰ ਤਾਲਿਬਾਨੀ ਕਹਿਣਾ ਪੂਰੀ ਤਰ੍ਹਾਂ ਨਾਲ ਗ਼ਲਤ ਹੈ।’’ (ਪੀਟੀਆਈ)