
ਵਖਵਾਦੀ ਆਗੂ ਸਈਅਦ ਸ਼ਾਹ ਗਿਲਾਨੀ ਦੀ ਲਾਸ਼ ਕਬਰ ’ਚੋਂ ਕੱਢੀ ਜਾਣ ਦਾ ਡਰ
ਸ਼੍ਰੀਨਗਰ, 6 ਸਤੰਬਰ : ਵੱਖਵਾਦੀ ਆਗੂ ਸਈਅਦ ਅਲੀ ਸ਼ਾਹ ਗਿਲਾਨੀ ਦੀ ਲਾਸ਼ ਹੈਦਰਪੋਰਾ ਸਥਿਤ ਕਬਰਸਤਾਨ ’ਚੋਂ ਕੱਢ ਕੇ ਪੁਰਾਣੇ ਸ਼ਹਿਰ ਸਥਿਤ ਈਦਗਾਹ ਕਬਰਸਤਾਨ ਵਿਚ ਦਫ਼ਨਾਉਣ ਤੋਂ ਰੋਕਣ ਲਈ ਅਧਿਕਾਰੀਆਂ ਵਲੋਂ ਸ਼ਹਿਰ ਦੇ ਕੁੱਝ ਹਿਸਿਆਂ ਵਿਚ ਲਗਾਈ ਗਈ ਪਾਬੰਦੀ ਕਾਰਨ ਸੋਮਵਾਰ ਨੂੰ ਪੰਜਵੇਂ ਦਿਨ ਵੀ ਜਨਜੀਵਨ ਪ੍ਰਭਾਵਤ ਰਿਹਾ। ਅਧਿਕਾਰੀਆਂ ਨੇ ਕਿਹਾ,‘‘ਅਹਿਤਿਆਤ ਦੇ ਤੌਰ ’ਤੇ ਸ਼ਹਿਰ ਦੇ ਹੈਦਰਪੋਰਾ ਅਤੇ ਈਦਗਾਹ ਇਲਾਕਿਆਂ ਦੇ ਨੇੜੇ ਪਾਬੰਦੀ ਲਗਾਈ ਗਈ ਹੈ।’’
ਅਧਿਕਾਰੀਆਂ ਨੇ ਕਿਹਾ ਕਿ ਅਜਿਹੀ ਜਾਣਕਾਰੀ ਮਿਲੀ ਸੀ ਕਿ ਸ਼ਰਾਰਤੀ ਅਨਸਰ ਗਿਲਾਨੀ ਦੀ ਲਾਸ਼ ਨੂੰ ਉਸ ਈਦਗਾਹ ਕਬਰਸਤਾਨ ਵਿਚ ਦਫ਼ਨਾਉਣ ਲਈ ਕਬਰ ’ਚੋਂ ਕੱਢਣ ਦਾ ਯਤਨ ਕਰ ਸਕਦੇ ਹਨ, ਜਿਥੇ ਕਈ ਅਤਿਵਾਦੀਆਂ ਅਤੇ ਦੋ ਸੀਨੀਅਰ ਵੱਖਵਾਦੀ ਆਗੂਆਂ, ਅਬਦੁਲ ਗਨੀ ਲੋਨ ਅਤੇ ਮੀਰਵਾਈਜ਼ ਮੋਹੰਮਦ ਫ਼ਾਰੂਕ ਨੂੰ ਦਫ਼ਨਾਇਆ ਗਿਆ ਹੈ। ਵੱਖਵਾਦੀਆਂ ਵਲੋਂ ਪਿਛਲੇ ਸਾਲ ਫ਼ਰਵਰੀ ਵਿਚ ਜਾਰੀ ਇਕ ਬਿਆਨ ਮੁਤਾਬਕ ਗਿਲਾਨੀ ਨੇ ਈਦਗਾਹ ਕਬਰਸਤਾਨ ਵਿਚ ਦਫ਼ਨਾਏ ਜਾਣ ਦੀ ਇੱਛਾ ਜ਼ਾਹਰ ਕੀਤੀ ਸੀ। 91 ਸਾਲਾ ਗਿਲਾਨੀ ਦਾ ਬੁਧਵਾਰ ਰਾਤ ਇਥੇ ਉਨ੍ਹਾਂ ਦੇ ਘਰ ਵਿਚ ਦਿਹਾਂਤ ਹੋ ਗਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਈਦਗਾਹ ਅਤੇ ਹੈਦਰਪੋਰਾ ਵਲ ਜਾਣ ਵਾਲੀਆਂ ਸਾਰੀਆਂ ਸੜਕਾਂ ’ਤੇ ਬੈਰੀਕੇਡ ਲਗਾ ਦਿਤੇ ਗਏ ਹਨ ਤੇ ਇਨ੍ਹਾਂ ਇਲਾਕਿਆਂ ਦੀ ਨਿਗਰਾਨੀ ਡਰੋਨ ਰਾਹੀਂ ਕੀਤੀ ਜਾ ਰਹੀ ਹੈ। (ਪੀਟੀਆਈ)