
ਲੜਕੇ ਦੇ ਪਰਿਵਾਰ ਨੇ ਲੜਕੀ ਦੇ ਪਰਿਵਾਰ ’ਤੇ ਧਮਕੀਆਂ ਦੇਣ ਦਾ ਲਗਾਇਆ ਆਰੋਪ
ਫਾਜ਼ਿਲਕਾ : ਫਾਜ਼ਿਲਕਾ ਦੇ ਆਨੰਦਪੁਰ ਇਲਾਕੇ ’ਚ ਇੱਕ 20 ਸਾਲਾ ਮੁੰਡੇ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਦਾ ਆਰੋਪ ਹੈ ਕਿ ਉਨ੍ਹਾਂ ਦੇ ਮੁੰਡੇ ਦੀ ਮੰਗਣੀ ਉਨ੍ਹਾਂ ਦੇ ਘਰ ਦੇ ਨਾਲ ਵਾਲੀ ਗਲੀ ਵਿੱਚ ਰਹਿਣ ਵਾਲੀ ਇੱਕ ਕੁੜੀ ਨਾਲ ਹੋਈ ਸੀ। ਉਨ੍ਹਾਂ ਆਰੋਪ ਲਗਾਇਆ ਕਿ ਕੁੜੀ ਵਾਲੇ ਪੱਖ ਵੱਲੋਂ ਰਿਸ਼ਤਾ ਤੋੜ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦੇ ਮੁੰਡੇ ਨੂੰ ਲੜਕੀ ਵਾਲਿਆਂ ਵੱਲੋਂ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਜਿਸ ਕਾਰਨ ਉਨ੍ਹਾਂ ਦੇ ਮੁੰਡੇ ਨੇ ਖੁਦਕੁਸ਼ੀ ਕਰ ਲਈ। ਜਦਕਿ ਪੁਲਿਸ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਕਾਰਵਾਈ ਕਰਨ ਦੀ ਗੱਲ ਕਰ ਰਹੀ ਹੈ।
ਮ੍ਰਿਤਕ ਦੇ ਪਿਤਾ ਸਵਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਮੁੰਡੇ ਦੀ ਮੰਗਣੀ ਉਨ੍ਹਾਂ ਦੇ ਘਰ ਦੇ ਪਿੱਛੇ ਵਾਲੀ ਗਲੀ ਵਿੱਚ ਰਹਿਣ ਵਾਲੀ ਇੱਕ ਕੁੜੀ ਨਾਲ ਹੋਈ ਸੀ। ਡੇਢ ਸਾਲ ਤੱਕ ਚੱਲੇ ਇਸ ਰਿਸ਼ਤੇ ਨੂੰ ਕੁੜੀ ਦੇ ਪਰਿਵਾਰ ਨੇ ਤੋੜ ਦਿੱਤਾ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਮੁੰਡੇ ਨੂੰ ਕੁੜੀ ਨੂੰ ਮਿਲਣ ਤੋਂ ਮਨ੍ਹਾ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਲਗਭਗ 20 ਦਿਨ ਪਹਿਲਾਂ ਉਨ੍ਹਾਂ ਦਾ ਪੁੱਤਰ ਅਤੇ ਕੁੜੀ ਭੱਜ ਗਏ ਸਨ। ਜਿਸ ਤੋਂ ਬਾਅਦ ਕੁੜੀ ਆਪਣੇ ਘਰ ਵਾਪਸ ਆ ਗਈ ਅਤੇ ਮੁੰਡਾ ਉਸਦੇ ਘਰ ਆ ਗਿਆ। ਉਸਨੇ ਆਰੋਪ ਲਗਾਇਆ ਕਿ ਕੁੜੀ ਦੇ ਪਰਿਵਾਰ ਨੇ ਉਸ ਨੂੰ ਅਤੇ ਉਸ ਦੇ ਪੁੱਤਰ ਨੂੰ ਧਮਕੀ ਦਿੱਤੀ ਅਤੇ ਪੁਲਿਸ ਕਾਰਵਾਈ ਦੀ ਧਮਕੀ ਵੀ ਦਿੱਤੀ। ਪਰ ਮੁੰਡਾ ਅਤੇ ਕੁੜੀ ਇੱਕ ਦੂਜੇ ਨੂੰ ਪਿਆਰ ਕਰਦੇ ਸਨ ਅਤੇ ਰਿਸ਼ਤਾ ਟੁੱਟਣ ਤੋਂ ਬਾਅਦ ਵੀ ਦੋਵੇਂ ਇੱਕ ਦੂਜੇ ਨਾਲ ਗੱਲਾਂ ਕਰਦੇ ਸਨ। ਮੁੰਡਾ ਆਪਣੇ ਮਾਪਿਆਂ ਨੂੰ ਕੁੜੀ ਦੀਆਂ ਗੱਲਾਂ ਦੱਸਦਾ ਸੀ। ਕੱਲ੍ਹ ਦੇਰ ਸ਼ਾਮ ਉਸਦਾ ਪੁੱਤਰ ਦੁਕਾਨ ਤੋਂ ਘਰ ਵਾਪਸ ਆਇਆ ਅਤੇ ਆਪਣੇ ਕਮਰੇ ਵਿੱਚ ਚਲਾ ਗਿਆ। ਉਨ੍ਹਾਂ ਨੂੰ ਲੱਗਿਆ ਕਿ ਉਹ ਕੁੜੀ ਨਾਲ ਗੱਲ ਕਰ ਰਿਹਾ ਹੈ। ਕਾਫ਼ੀ ਸਮੇਂ ਬਾਅਦ ਵੀ ਜਦੋਂ ਮੁੰਡਾ ਕਮਰੇ ਵਿੱਚੋਂ ਬਾਹਰ ਨਹੀਂ ਆਇਆ ਤਾਂ ਜਦੋਂ ਉਨ੍ਹਾਂ ਨੇ ਆਵਾਜ਼ ਮਾਰੀ ਤਾਂ ਅੰਦਰੋਂ ਕੋਈ ਜਵਾਬ ਨਹੀਂ ਆਇਆ। ਫਿਰ ਉਨ੍ਹਾਂ ਨੇ ਗੇਟ ਤੋੜਿਆ ਅਤੇ ਦੇਖਿਆ ਕਿ ਉਸਦੇ ਪੁੱਤਰ ਨੇ ਕਮਰੇ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ।