
ਹੜ੍ਹਾਂ ਤੋਂ ਬਾਅਦ ਹੁਣ ਪਾਣੀ ਦਾ ਪੱਧਰ ਨੀਵਾਂ ਹੋ ਗਿਆ ਹੈ, ਜਿਸ ਕਾਰਨ ਜ਼ਿਲ੍ਹੇ ਦੇ ਬਹੁਤ ਸਾਰੇ ਸਕੂਲ ਹੜ੍ਹਾਂ ਦੇ ਪ੍ਰਭਾਵ ਤੋਂ ਸੁਰੱਖਿਅਤ ਹਨ।
ਅੰਮ੍ਰਿਤਸਰ:ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨਾਲ ਹੋਈ ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਜ਼ਿਲ੍ਹਾ ਸਿੱਖਿਆ ਅਫਸਰ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਹੜ੍ਹਾਂ ਤੋਂ ਬਾਅਦ ਹੁਣ ਪਾਣੀ ਦਾ ਪੱਧਰ ਨੀਵਾਂ ਹੋ ਗਿਆ ਹੈ, ਜਿਸ ਕਾਰਨ ਜ਼ਿਲ੍ਹੇ ਦੇ ਬਹੁਤ ਸਾਰੇ ਸਕੂਲ ਹੜ੍ਹਾਂ ਦੇ ਪ੍ਰਭਾਵ ਤੋਂ ਸੁਰੱਖਿਅਤ ਹਨ।
ਇਸ ਦੇ ਬਾਵਜੂਦ ਵੀ ਜ਼ਿਲ੍ਹੇ ਦੇ ਸਾਰੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਨਿੱਜੀ ਸਕੂਲ ਵਿਦਿਆਰਥੀਆਂ ਲਈ 8 ਸਤੰਬਰ ਨੂੰ ਬੰਦ ਰਹਿਣਗੇ, ਜਦਕਿ 9 ਸਤੰਬਰ ਤੋਂ ਜ਼ਿਲ੍ਹਾ ਅੰਮ੍ਰਿਤਸਰ ਦੇ ਸਾਰੇ ਸਕੂਲ ਸਿਵਾਏ (ਬਲਾਕ ਅਜਨਾਲਾ-1, ਅਜਨਾਲ-2, ਚੋਗਾਵਾਂ-1, ਚੋਗਾਵਾਂ-2) ਖੋਲ੍ਹੇ ਜਾਣਗੇ। ਪਰ ਇਨ੍ਹਾਂ ਸਕੂਲਾਂ ਨੂੰ ਖੋਲ੍ਹਣ ਤੋਂ ਪਹਿਲਾਂ ਸਾਰੇ ਸਕੂਲਾਂ ਦੇ ਮੁਖੀ ਆਪਣੇ ਆਪਣੇ ਸਕੂਲਾਂ ਨੂੰ ਪੂਰੀ ਤਰਾਂ ਸਾਫ਼ ਕਰਵਾਉਣਗੇ, ਸੈਨੀਟਾਈਜ ਕਰਵਾਉਣਗੇ ਅਤੇ ਸਕੂਲਾਂ ਦੀਆਂ ਇਮਾਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਗੇ। ਇਸ ਲਈ ਸਾਰੇ ਸਕੂਲ ਅਧਿਆਪਕ ਸਕੂਲ ਵਿਚ ਹਾਜ਼ਰ ਰਹਿਣਗੇ। ਸਕੂਲਾਂ ਦੀ ਸਾਫ਼ ਸਫ਼ਾਈ ਕਰਵਾਉਣ ਲਈ ਐਸ.ਐਮ.ਸੀ., ਪੰਚਾਇਤ, ਨਗਰ ਕੌਂਸਲਾਂ ਅਤੇ ਕਾਰਪੋਰੇਸ਼ਨ ਦੀ ਸਹਾਇਤਾ ਲਈ ਜਾ ਸਕਦੀ ਹੈ । ਸਾਰੇ ਸਕੂਲ ਮੁਖੀ ਆਪਣੇ ਆਪਣੇ ਸਕੂਲ ਸੰਬੰਧੀ ਸਰਟੀਫਿਕੇਟ ਦੇਣਗੇ ਕਿ ਸਕੂਲ ਦੀ ਇਮਾਰਤ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਪੂਰੀ ਤਰਾਂ ਸੁਰੱਖਿਅਤ ਹਨ ਅਤੇ ਸਕੂਲ ਵਿਚ ਕਿਸੇ ਕਿਸਮ ਦੇ ਸੱਪ ਜਾਂ ਜ਼ਹਿਰੀਲੇ ਜਾਨਵਰ ਮੌਜੂਦ ਨਹੀਂ ਹਨ।
ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸੈਕੰਡਰੀ, ਹਾਈ ਤੇ ਮਿਡਲ ਸਕੂਲਾਂ ਅਤੇ ਨਿੱਜੀ ਸਕੂਲਾਂ ਦੇ ਮੁਖੀ ਇਹ ਸਰਟੀਫਿਕੇਟ ਸੰਬੰਧਿਤ ਬਲਾਕ ਦੇ ਬੀ.ਐਨ.ਓ. ਨੂੰ ਦੇਣਗੇ, ਜਦਕਿ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਨਿੱਜੀ ਐਲੀਮੈਂਟਰੀ ਸਕੂਲਾਂ ਦੇ ਮੁਖੀ ਇਸ ਸੰਬੰਧੀ ਸਰਟੀਫਿਕੇਟ ਸੰਬੰਧਿਤ ਬਲਾਕ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨੂੰ ਭੇਜਣਾ ਯਕੀਨੀ ਬਣਾਉਣਗੇ। ਸਰਟੀਫਿਕੇਟ ਦੇਣ ਤੋਂ ਬਿਨ੍ਹਾਂ ਕਿਸੇ ਵੀ ਸਕੂਲ ਨੂੰ ਖੋਲਣ ਦੀ ਆਗਿਆ ਨਹੀਂ ਦਿਤੀ ਜਾਵੇਗੀ। ਜੇਕਰ ਕਿਸੇ ਸਕੂਲ ਦੀ ਇਮਾਰਤ ਹੜ੍ਹ ਜਾਂ ਮੀਂਹ ਦੇ ਪਾਣੀ ਕਰਕੇ ਪ੍ਰਭਾਵਿਤ ਹੋਈ ਹੈ ਜਾਂ ਅਸੁਰੱਖਿਅਤ ਹੋਈ ਤਾਂ ਉਸ ਦੀ ਸੂਚਨਾ ਜ਼ਿਲ੍ਹਾ ਸਿੱਖਿਆ ਦਫਤਰ (ਐ.ਸਿੱ) ਅੰਮ੍ਰਿਤਸਰ ਨੂੰ ਵਿਭਾਗ ਦੇ ਜੇ.ਈ. ਮੈਡਮ ਸ਼ਿਵਾਨੀ (ਸੰਪਰਕ ਨੰਬਰ 97799-14567) ਰਾਹੀਂ ਭੇਜੀ ਭੇਜੀ ਜਾਵੇ। ਉਨ੍ਹਾਂ ਸਪਸ਼ਟ ਕੀਤਾ ਕਿ ਜੇਕਰ ਸਕੂਲ ਵਿਚ ਬਿਲਡਿੰਗ ਸੰਬੰਧੀ, ਵਿਦਿਆਰਥੀਆਂ ਤੇ ਅਧਿਅਪਕਾਂ ਦੀ ਸੁਰੱਖਿਆ ਸੰਬੰਧੀ ਕਿਸੇ ਵੀ ਕਿਸਮ ਦੀ ਕੋਈ ਮੁਸ਼ਕਿਲ ਜਾਂ ਸਮੱਸਿਆ ਆਉਂਦੀ ਹੈ ਤਾਂ ਇਸ ਦੀ ਸਮੁੱਚੀ ਜਿੰਮੇਂਵਾਰੀ ਸੰਬੰਧਿਤ ਸਕੂਲ ਮੁਖੀ ਦੀ ਹੋਵੇਗੀ।