
ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਵਾਰਾਂ ਨੇ ਰਾਹੁਲ ਗਾਂਧੀ ਵਿਰੁਧ ਦਿਤਾ ਧਰਨਾ
ਪਟਿਆਲਾ, 6 ਅਕਤੂਬਰ (ਜਸਪਾਲ ਸਿੰਘ ਢਿੱਲੋਂ) : ਯੂਥ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਦੀ ਅਗਵਾਈ 'ਚ ਅੱਜ ਕਈ ਖੁਦਕਸ਼ੀ ਵਾਲੇ ਕਿਸਾਨਾਂ ਦੇ ਪ੍ਰੀਵਾਰਾਂ ਨੂੰ ਲੈਕੇ ਇਥੇ ਧਰਨਾ ਦਿਤਾ। ਦੂਜੇ ਪਾਸੇ ਉਸੇ ਵੇਲੇ ਰਾਹੁਲ ਗਾਂਧੀ ਤੇ ਹੋਰ ਆਗੁ ਮੀਡੀਆ ਨਾਲ ਰੂਬਰੂ ਹੋ ਰਹੇ ਸਨ। ਅੱਜ ਬੰਟੀ ਰੋਮਾਣਾ ਨੇ ਯਤਨ ਕੀਤਾ ਕਿ ਇਨ੍ਹਾਂ ਪ੍ਰੀਵਾਰਾਂ ਦੀ ਕੈਪਟਨ ਦੇ ਸਾਹਮਣੇ ਰਾਹੁਲ ਗਾਂਧੀ ਨੂੰ ਇਨ੍ਹਾਂ ਪਰਵਾਰਾਂ ਦੀਆਂ ਸਮੱਸਿਆਵਾਂ ਨੂੰ ਜਾਣੂ ਕਰਵਾਇਆ ਜਾਂਦਾ। ਉਨ੍ਹਾਂ ਨੂੰ ਪੁਲਿਸ ਨੇ ਇਥੇ ਰਸਤੇ 'ਚ ਹੀ ਬੈਰੀਕੇਟ ਲਗਾ ਕੇ ਰਜਵਾਹਾ ਸੜਕ 'ਤੇ ਹੀ ਰੋਕ ਲਿਆ। ਬਾਅਦ 'ਚ ਇਹ ਲੋਕ ਇਥੇ ਖੰਡਾ ਚੌਕ ਕੋਲ ਧਰਨੇ 'ਤੇ ਬੈਠ ਗਏ।
ਇਸ ਮੌਕੇ ਗੱਲ ਕਰਦਿਆਂ ਯੂਥ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਪਰਮਬੰਸ ਸਿੰਘ ਰੋਮਾਣਾ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਜਾਰੀ ਕੀਤਾ ਚੋਣ ਮਨੋਰਥ ਪੱਤਰ ਵਿਖਾਉਂਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਮੌਕੇ ਵਾਅਦਾ ਕੀਤਾ ਸੀ ਕਿ ਜਿਹੜੇ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ, ਉਹਨਾਂ ਦੇ ਪਰਿਵਾਰਾਂ ਵਿਚੋਂ ਇਕ ਇਕ ਜੀਅ ਨੂੰ ਸਰਕਾਰੀ ਨੌਕਰੀ, 10 ਲੱਖ ਰੁਪਏ ਨਗਦ ਅਤੇ ਕਰਜ਼ਾ ਮੁਆਫ ਕੀਤਾ ਜਾਵੇਗਾ ਤੇ ਅਮਰਿੰਦਰ ਸਿੰਘ ਨੇ ਉਸ ਵੇਲੇ 'ਕਰਜ਼ਾ ਕੁਰਕੀ ਖਤਮ, ਫਸਲ ਦੀ ਪੂਰੀ ਰਕਮ' ਦਾ ਨਾਅਰਾ ਵੀ ਦਿੱਤਾ ਸੀ। ਉਹਨਾਂ ਕਿਹਾ ਕਿ ਅੱਜ ਸਰਕਾਰ ਦੇ ਚਾਰ ਪੂਰੇ ਹੋਣ ਦੇ ਬਾਵਜੂਦ ਇਹਨਾਂ ਪਰਿਵਾਰਾਂ ਨੇ ਕੋਈ ਸਾਰ ਨਹੀਂ ਲਈ ਗਈ ਜਿਸਦਾ ਨਤੀਜਾ ਇਹ ਨਿਕਲਿਆ ਹੈ ਕਿ ਬੈਂਕਾਂ ਵੱਲੋਂ ਇਨ੍ਹਾਂ ਪਰਵਾਰਾਂ ਦੀ ਜ਼ਮੀਨ ਕੁਰਕ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਵੀ ਜਦੋਂ ਇਹ ਪਰਿਵਾਰ ਰਾਹੁਲ ਗਾਂਧੀ ਤੋਂ ਇਹ ਜਵਾਬ ਮੰਗ ਰਹੇ ਸਨ ਕਿ ਅਮਰਿੰਦਰ ਸਿੰਘ ਨੇ ਵਾਅਦਾ ਪੂਰਾ ਨਹੀਂ ਕੀਤਾ ਤੇ ਤੁਸੀਂ ਇਸ ਬਾਰੇ ਕਿਉਂ ਚੁੱਪ ਹੋ ਤਾਂ ਉਸ ਵੇਲੇ ਵੀ ਬੈਂਕ ਤੋਂ ਇਕ ਕਿਸਾਨ ਦੇ ਪਰਵਾਰ ਨੂੰ ਇਹ ਫੋਨ ਆਇਆ ਕਿ ਕਰਜ਼ਾ ਭਰ ਦਿਉ ਨਹੀਂ ਤਾਂ ਜ਼ਮੀਨ ਕੁਰਕ ਕਰ ਦਿਆਂਗੇ।
ਯੂਥ ਆਗੂ ਰੋਮਾਣਾ ਨੇ ਕਿਹਾ ਕਿ ਇਹਨਾਂ ਪਰਵਾਰਾਂ ਨੇ ਕੁੱਝ ਸਮਾਂ ਪਹਿਲਾਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਮੁਲਾਕਾਤ ਕਰ ਕੇ ਰਾਹਤ ਮੰਗਣ ਦਾ ਯਤਨ ਕੀਤਾ ਤਾਂ ਇਨ੍ਹਾਂ ਨੂੰ ਡਾਂਗਾਂ ਨਾਲ ਕੁੱਟਿਆ ਮਾਰਿਆ ਗਿਆ। ਉਨ੍ਹਾਂ ਕਿਹਾ ਕਿ ਅੱਜ ਵੀ ਜਦੋਂ ਯੂਥ ਅਕਾਲੀ ਦਲ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹ ਸੂਚਿਤ ਕੀਤਾ ਗਿਆ ਕਿ ਇਹ ਪਰਵਾਰ ਆਏ ਹਨ ਅਤੇ ਉਹ ਰਾਹੁਲ ਗਾਂਧੀ ਨੂੰ ਮਿਲਣਾ ਚਾਹੁੰਦੇ ਹਨ ਤਾਂ ਐਸ.ਪੀ. ਵਰੁਣ ਸ਼ਰਮਾ ਤੇ ਜ਼ਿਲ੍ਹਾ ਮੈਜਿਸਟਰੇਟ ਪਵਨਦੀਪ ਸਿੰਘ ਵਲੋਂ ਦੋ ਵਾਰ ਭਰੋਸਾ ਦੁਆਇਆ ਕਿ ਪੀੜਤ ਪਰਵਾਰਾਂ ਵਿਚੋਂ 5 ਮੈਂਬਰਾਂ ਦੀ ਮੁਲਾਕਾਤ ਕਰਵਾਈ ਜਾਵੇਗੀ ਪਰ ਬਾਅਦ ਵਿਚ ਇਹ ਕਹਿ ਦਿਤਾ ਗਿਆ ਕਿ ਉਨ੍ਹਾਂ ਕੋਲ ਸਮਾਂ ਨਹੀਂ ਸੀ ਤੇ ਉਹ ਚਲੇ ਗਏ ਹਨ।
ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਕ ਪਾਸੇ ਰਾਹੁਲ ਗਾਂਧੀ ਕਿਸਾਨਾਂ ਲਈ ਰੈਲੀਆਂ ਕੱਢਣ ਦੀ ਗੱਲ ਕਰ ਰਹੇ ਹਨ ਤੇ ਦੂਜੇ ਪਾਸੇ ਇਹਨਾਂ ਕਿਸਾਨ ਪਰਿਵਾਰਾਂ ਦੀ ਗੱਲ ਸੁਣਨ ਨੂੰ ਹੀ ਤਿਆਰ ਨਹੀਂ ਹਨ ਜਿਹਨਾਂ ਨਾਲ ਕੈਪਟਨ ਅਮਰਿੰਦਰ ਸਿੰਘ ਵਾਅਦੇ ਪੂਰੇ ਨਾ ਕਰ ਕੇ ਧਰੋਹ ਕਮਾਇਆ ਹੈ।
ਉਨ੍ਹਾਂ ਐਲਾਨ ਕੀਤਾ ਕਿ ਇਨ੍ਹਾਂ ਪਰਵਾਰਾਂ ਨੂੰ ਨਾਲ ਲੈ ਕੇ ਯੂਥ ਅਕਾਲੀ ਦਲ ਰਾਹੁਲ ਗਾਂਧੀ ਦੀ ਦਿੱਲੀ ਰਿਹਾਇਸ਼ ਦਾ ਘਿਰਾਉ ਕਰੇਗਾ ਤੇ ਉਨ੍ਹਾਂ ਨੂੰ ਇਨਸਾਫ਼ ਲੈ ਕੇ ਦੇਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਮਦਦ ਲਈ ਕਾਨੂੰਨੀ ਪਹਿਲੂ ਵੀ ਵਿਚਾਰੇ ਜਾ ਰਹੇ ਹਨ।
ਇਸ ਮੌਕੇ ਯੂਥ ਅਕਾਲੀ ਦਲ ਦੇ ਮਾਲਵਾ ਜ਼ੋਨ-2 ਦੇ ਪ੍ਰਧਾਨ ਤੇ ਹਲਕਾ ਦਿਹਾਤੀ ਦੇ ਮੁਖੀ ਐਡਵੋਕੇਟ ਸਤਬੀਰ ਸਿੰਘ ਖੱਟੜਾ, ਕੌਮੀ ਬੁਲਾਰੇ ਅਮਿਤ ਰਾਠੀ, ਜ਼ਿਲ੍ਹਾ ਦਿਹਾਤੀ ਪ੍ਰਧਾਨ ਇੰਦਰਜੀਤ ਸਿੰਘ ਰੱਖੜਾ, ਸ਼ਹਿਰੀ ਪ੍ਰਧਾਨ ਅਵਤਾਰ ਹੈਪੀ, ਕੋਰ ਕਮੇਟੀ ਮੈਂਬਰ ਮਨਪ੍ਰੀਤ ਸਿੰਘ ਭੰਗੂ, ਹੈਰੀ ਮੁਖਮੇਲਪੁਰ, ਵਿਕਰਮ ਚੌਹਾਨ ਅਤੇ ਗੁਰਦੀਪ ਸ਼ੇਖੂਪੁਰ ਵੀ ਹਾਜ਼ਰ ਸਨ।
ਫੋਟੋ ਨੰ: 6 ਪੀਏਟੀ 20
image
ਪਰਵਾਰਾਂ ਨਾਲ ਕੈਪਟਨ ਅਮਰਿੰਦਰ ਵਲੋਂ ਕੀਤੇ ਵਾਅਦੇ ਪੂਰੇ ਕਰਵਾਉਣ ਰਾਹੁਲ : ਪਰਮਬੰਸ ਸਿੰਘ ਰੋਮਾਣਾ