
ਵਾਲ-ਵਾਲ ਬਚੇ ਜੱਸ ਬਾਜਵਾ, ਧਰਨੇ ਤੋਂ ਵਾਪਸ ਪਰਤਦਿਆਂ ਵਾਪਰਿਆ ਹਾਦਸਾ
ਜਲੰਧਰ, 7 ਅਕਤੂਬਰ (ਪਪ): ਪੰਜਾਬ ਦੇ ਗਾਇਕ ਜੱਸ ਬਾਜਵਾ ਨਾਲ ਦੇਰ ਰਾਤ ਸੜਕ ਹਾਦਸਾ ਵਾਪਰ ਗਿਆ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਗਾਇਕ ਜੱਸ ਬਾਜਵਾ ਹਰਿਆਣਾ 'ਚ ਧਰਨਾ ਲਾਉਣ ਤੋਂ ਬਾਅਦ ਅਪਣੀ ਕਾਰ ਰਾਹੀਂ ਚੰਡੀਗੜ੍ਹ ਆ ਰਹੇ ਸਨ।
ਕਾਰ ਦੀ ਹਾਲਤ ਵੇਖ ਕੇ ਪਤਾ ਲਗਾਇਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਭਿਆਨਕ ਹੋਵੇਗਾ ਕਿਉਂਕਿ ਜੱਸ ਬਾਜਵਾ ਦੀ ਕਾਰ ਦਾ ਅਗਲਾ ਹਿੱਸਾ ਕਾਫ਼ੀ ਨੁਕਸਾਨਿਆ ਗਿਆ। ਹਾਲਾਂਕਿ ਜੱਸ ਬਾਜਵਾ ਅਤੇ ਕਾਰ ਵਿਚ ਬੈਠੇ ਹੋਰ ਸਾਥੀ ਵਾਲ-ਵਾਲ ਬਚ ਗਏ। ਕਿਸੇ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਦਸਿਆ ਜਾ ਰਿਹਾ ਹੈ ਕਿ ਗੱਡੀ ਜੱਸ ਬਾਜਵਾ ਦਾ ਡਰਾਈਵਰ ਚਲਾ ਰਿਹਾ ਸੀ। ਹਾਦਸਾ ਸੜਕ ਉਤੇ ਅਚਾਨਕ ਅਵਾਰਾ ਪਸ਼ੂ ਕਾਰ ਦੇ ਅੱਗੇ ਆਉਣ ਨਾਲ ਵਾਪਰਿਆ ਜਿਸ ਨੂੰ ਬਚਾਉਂਦੇ-ਬਚਾਉਂਦੇ ਉਨ੍ਹਾਂ ਦੀ ਕਾਰ ਸਾਹਮਣੇ ਆ ਰਹੇ ਟਰੱਕ ਨਾਲ ਜਾ ਟਕਰਾ ਗਈ।