
ਪੰਜਾਬ ਵਿਚ ਤਿੰਨ ਦਿਨਾ 'ਖੇਤੀ ਬਚਾਉ ਯਾਤਰਾ' ਸਮਾਪਤ
ਰਾਹੁਲ ਤੇ ਕੈਪਟਨ ਵਲੋਂ ਕਿਸਾਨਾਂ ਦੀ ਹਮਾਇਤ ਤੋਂ ਇਕ ਇੰਚ ਵੀ ਪਿਛੇ ਨਾ ਹਟਣ ਦਾ ਅਹਿਦ
ਪਟਿਆਲਾ, 6 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ) : ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਿੰਨ ਦਿਨਾ 'ਖੇਤੀ ਬਚਾਓ ਯਾਤਰਾ' ਅੱਜ ਹਰਿਆਣਾ ਦੇ ਬਾਰਡਰ 'ਤੇ ਸਮਾਪਤ ਹੋਈ। ਇਸ ਦੌਰਾਨ ਦੋਵਾਂ ਨੇਤਾਵਾਂ ਨੇ ਇਹ ਅਹਿਦ ਲਿਆ ਕਿ ਕੇਂਦਰ ਸਰਕਾਰ ਦੇ ਘਾਤਕ ਖੇਤੀ ਕਾਨੂੰਨਾਂ ਨਾਲ ਅਸਰਅੰਦਾਜ਼ ਹੋਣ ਵਾਲੇ ਲੋਕਾਂ ਦੀ ਹਮਾਇਤ ਵਿਚ ਅਪਣੇ ਸਿਧਾਂਤਕ ਸਟੈਂਡ ਤੋਂ ਇਕ ਇੰਚ ਵੀ ਪਿੱਛੇ ਨਹੀਂ ਹਟਣਗੇ। ਪਟਿਆਲਾ ਜ਼ਿਲ੍ਹੇ ਵਿਚ ਸਨੌਰ ਨੇੜੇ ਪਿੰਡ ਫਰਾਂਸਵਾਲਾ ਜੋ ਟਰੈਕਟਰ ਰੈਲੀ ਦਾ ਅਖੀਰਲਾ ਸਥਾਨ ਸੀ, ਵਿਖੇ ਜਨਤਕ ਰੈਲੀ ਦੌਰਾਨ ਕੁਲ ਹਿੰਦ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਹਰੀਸ਼ ਰਾਵਤ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਪਿਛਲੇ ਛੇ ਸਾਲਾਂ ਵਿੱਚ ਲੋਕਾਂ ਉਪਰ ਜ਼ੁਲਮ-ਦਰ-ਜ਼ੁਲਮ ਢਾਹੁਣ ਲਈ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਸਖਤ ਆਲੋਚਨਾ ਕੀਤੀ।
ਰਾਹੁਲ ਗਾਂਧੀ ਨੇ ਕਿਹਾ, ''ਕਿਸਾਨ ਇਨ੍ਹਾਂ ਅਨਿਆਂਕਾਰੀ ਅਤੇ ਜ਼ਾਲਮਾਨਾ ਕਾਨੂੰਨਾਂ ਅੱਗੇ ਝੁਕਣ ਦੀ ਬਜਾਏ ਜਾਨ ਦੇ ਦੇਣਗੇ।'' ਉਨ੍ਹਾਂ ਕਿਹਾ ਕਿ ਮੰਡੀ ਅਤੇ ਖਰੀਦ ਪ੍ਰਣਾਲੀ, ਜਿਸ ਨੂੰ ਖੇਤੀ ਕਾਨੂੰਨ ਬਰਬਾਦ ਕਰ ਦੇਣਗੇ, ਕਿਸਾਨ ਭਾਈਚਾਰੇ ਦੀ ਸੁਰੱਖਿਆ ਢਾਲ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਇਹ ਕਾਨੂੰਨ ਕਿਸਾਨਾਂ ਨੂੰ ਅੰਬਾਨੀ ਅਤੇ ਅਡਾਨੀ ਦੇ ਹੱਥਾਂ ਵਿਚ ਬੰਧੂਆਂ ਮਜ਼ਦੂਰਾਂ ਬਣਾ ਕੇ ਰੱਖ ਦੇਣਗੇ।
ਉਨ੍ਹਾਂ ਨੇ ਕਿਸਾਨਾਂ ਨੂੰ ਇਨ੍ਹਾਂ ਕਾਨੂੰਨਾਂ ਵਿਰੁਧ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿਤਾ ਤਾਕਿ ਉਨ੍ਹਾਂ ਨੂੰ ਬਾਅਦ ਵਿਚ ਪਛਤਾਉਣਾ ਨਾ ਪਵੇ।
ਏ.ਆਈ.ਸੀ.ਸੀ ਦੇ ਜਨਰਲ ਸੱਕਤਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਇਸ ਮੁਸ਼ਕਲ ਘੜੀ ਵਿਚ ਪੰਜਾਬ ਆ ਕੇ ਕਿਸਾਨਾਂ ਦਾ ਸਮਰਥਨ ਕਰਨ ਲਈ ਰਾਹੁਲ ਗਾਂਧੀ ਦਾ ਧਨਵਾਦ ਕੀਤਾ। ਰਾਹੁਲ ਗਾਂਧੀ ਨੂੰ ਦੇਸ਼ ਦਾ ਭਵਿੱਖ ਦੱਸਦਿਆਂ ਉਹਨਾਂ ਕਿਹਾ ਕਿ ਸਿਰਫ ਉਹ ਹੀ ਮੋਦੀ ਸਰਕਾਰ ਨੂੰ ਢੁੱਕਵਾਂ ਜਵਾਬ ਦੇ ਸਕਦੇ ਹਨ।
ਕਿਸਾਨਾਂ ਦੀ ਇਸ ਜੰਗ ਵਿਚ ਉਹਨਾਂ ਨਾਲ ਖੜ੍ਹੇ ਹੋਣ ਦਾ ਵਾਅਦਾ ਕਰਦਿਆਂ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਨੇ ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਲੜਾਈ ਲੜਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਉਹਨਾਂ ਅੱਗੇ ਕਿਹਾ ਕਿ ਰਾਹੁਲ ਗਾਂਧੀ ਨੇ ਹਮੇਸ਼ਾ ਹੀ ਸਮਾਜ ਦੇ ਸਾਰੇ ਵਰਗਾਂ ਦੇ ਹਿੱਤਾਂ ਦਾ ਪੱਖ ਪੂਰਿਆ ਹੈ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਜਿਸ ਦਿਨ ਕਿਸਾਨਾਂ ਦੀ ਤਕਦੀਰ ਕਾਰਪੋਰੇਟ ਦੈਂਤਾਂ ਦੇ ਹੱਥ ਆ ਗਈ ਤਾਂ ਪੀਡੀਐਸ ਸਿਸਟਮ ਅਤੇ ਮੰਡੀ ਪ੍ਰਣਾਲੀ ਖਤਮ ਹੋ ਜਾਵੇਗੀ ਜਿਸ ਨਾਲ ਕਿਸਾਨੀ ਭਾਈਚਾਰੇ ਅਤੇ ਗਰੀਬਾਂ 'ਤੇ ਵਿਨਾਸ਼ਕਾਰੀ ਪ੍ਰਭਾਵ ਪਵੇਗਾ। ਸ੍ਰੀ ਜਾਖੜ ਨੇ ਮੋਦੀ ਦੇ ਏਜੰਟ ਅਕਾਲੀਆਂ 'ਤੇ ਵਰ੍ਹਦਿਆਂ ਕਿਹਾ ਕਿ ਖੇਤੀ ਕਾਨੂੰਨ ਕਿਸਾਨਾਂ ਨੂੰ ਦਿਹਾੜੀਦਾਰ ਬਣਾ ਦੇਣਗੇ।
ਇਸ ਮੌਕੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਅਤੇ ਸੁਖਬਿੰਦਰ ਸਿੰਘ ਸਰਕਾਰੀਆ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ, ਸੰਸਦ ਮੈਂਬਰ ਮਨੀਸ਼ ਤਿਵਾੜੀ, ਜਸਬੀਰ ਸਿੰਘ ਡਿੰਪਾ, ਚੌਧਰੀ ਸੰਤੋਖ ਸਿੰਘ, ਗੁਰਜੀਤ ਸਿੰਘ ਔਜਲਾ, ਡਾ. ਅਮਰ ਸਿੰਘ, ਮੁਹੰਮਦ ਸਦੀਕ ਅਤੇ ਐਮ.ਪੀ. ਪ੍ਰਤਾਪ ਸਿੰਘ ਬਾਜਵਾ ਦੇ ਨਾਲ ਨਾਲ ਸਨੌਰ ਹਲਕਾ ਇੰਚਾਰਜ ਹਰਿੰਦਰ ਸਿੰਘ ਹੈਰੀ ਮਾਨ, ਵਿਧਾਇਕ ਕੁਲਜੀਤ ਸਿੰਘ ਨਾਗਰਾ, ਰਾਣਾ ਗੁਰਜੀਤ ਸਿੰਘ, ਮਦਨ ਲਾਲ ਜਲਾਲਪੁਰ, ਹਰਦਿਆਲ ਸਿੰਘ ਕੰਬੋਜ, ਰਾਜਿੰਦਰ ਸਿੰਘ, ਡਾ. ਰਾਜ ਕੁਮਾਰ ਵੇਰਕਾ, ਗੁਰਕੀਰਤ ਸਿੰਘ ਕੋਟਲੀ, ਨਵਤੇਜ ਸਿੰਘ ਚੀਮਾ, ਗੁਰਪ੍ਰੀਤ ਸਿੰਘ ਜੀ.ਪੀ. , ਲਖਵੀਰ ਸਿੰਘ ਲੱਖਾ ਅਤੇ ਸੁਖਪਾਲ ਸਿੰਘ ਭੁੱਲਰ, ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਸਕੱਤਰ ਕੈਪਟਨ ਸੰਦੀਪ ਸੰਧੂ, ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਮੋਹਿਤ ਮਹਿੰਦਰਾ ਅਤੇ ਪੰਜਾਬ ਰਾਜ ਸਮਾਜ ਭਲਾਈ ਬੋਰਡ ਦੀ ਚੇਅਰਪਰਸਨ ਗੁਰਸ਼ਰਨ ਕੌਰ ਰੰਧਾਵਾ ਮੌਜੂਦ ਸਨ।
ਕਮਜ਼ੋਰ ਵਿਰੋਧੀ ਧਿਰਾਂ ਕਾਰਨ ਕੇਂਦਰ ਸਰਕਾਰ ਵਲੋਂ ਇਕਪਾਸੜ ਫ਼ੈਸਲੇ ਲਏ ਜਾਣ ਦੇ ਸੁਝਾਅ ਨੂੰ ਰੱਦ ਕਰਦਿਆਂ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ''ਮੈਨੂੰ ਆਜ਼ਾਦ ਪ੍ਰੈਸ ਅਤੇ ਅਹਿਮ ਸੰਸਥਾਵਾਂ ਦੇ ਦਿਓ ਅਤੇ ਮੋਦੀ ਸਰਕਾਰ ਲੰਮਾ ਸਮਾਂ ਨਹੀਂ ਟਿਕ ਸਕੇਗੀ।''
ਉਨ੍ਹਾਂ ਕਿਹਾ ਕਿਸੇ ਵੀ ਮੁਲਕ ਵਿੱਚ ਲੋਕਾਂ ਦੀ ਆਵਾਜ਼ ਬਣਨ ਲਈ ਮੀਡੀਆ, ਨਿਆਂਇਕ ਪ੍ਰਣਾਲੀ ਅਤੇ ਸੰਸਥਾਵਾਂ ਸਮੇਤ ਵਿਰੋਧੀ ਧਿਰਾਂ ਢਾਂਚੇ ਵਿਚ ਰਹਿ ਕੇ ਕੰਮ ਕਰਦੀਆਂ। ਉਨ੍ਹਾਂ ਕਿਹਾ, ''ਭਾਰਤ ਵਿੱਚ ਸਮੁੱਚੇ ਢਾਂਚੇ ਨੂੰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਕੰਟਰੋਲ ਕੀਤਾ ਹੋਇਆ ਹੈ ਅਤੇ ਆਵਾਮ ਦੀ ਆਵਾਜ਼ ਬਣਨ ਲਈ ਉਲੀਕੀ ਗਈ ਰੂਪ-ਰੇਖਾ ਨੂੰ ਹਥਿਆ ਲਿਆ ਗਿਆ ਹੈ।''
ਰਾਹੁਲ ਗਾਂਧੀ ਨੇ ਐਲਾਨ ਕੀਤਾ, ''ਮੈਨੂੰ ਆਜ਼ਾਦ ਪ੍ਰੈਸ ਅਤੇ ਆਜ਼ਾਦ ਸੰਸਥਾਵਾਂ ਦੇ ਦਿਉ ਅਤੇ ਨਰਿੰਦਰ ਮੋਦੀ ਦੀ ਸਰਕਾਰ ਬਹੁਤ ਚਿਰ ਨਹੀਂ ਟਿਕ ਸਕੇਗੀ।''
ਕਾਲੇ ਖੇਤੀ ਕਾਨੂੰਨਾਂ ਵਿਰੁਧ ਪੰਜਾਬ ਵਿਚ ਅਪਣੀ 'ਖੇਤੀ ਬਚਾਉ ਯਾਤਰਾ' ਦੇ ਤੀਜੇ ਅਤੇ ਆਖਰੀ ਦਿਨ ਇਥੇ ਪ੍ਰੈਸ ਕਾਨਫ਼ਰੰਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਸਾਰੀਆਂ ਪ੍ਰਮੁੱਖ ਸੰਸਥਾਵਾਂ 'ਤੇ ਕਾਬਜ਼ ਹੋ ਚੁੱਕੀ ਹੈ ਅਤੇ ਇਸ ਨੇ ਅਜਿਹਾ ਕਰਨ ਲਈ ਜਮਹੂਰੀ ਢੰਗ ਨਹੀਂ ਸਗੋਂ ਜ਼ੋਰ-ਜਬਰ ਦਾ ਤਰੀਕਾ ਅਪਣਾਇਆ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਭਾਰਤ ਦੀ ਰੂਹ 'ਤੇ ਕਾਬਜ਼ ਹੋ ਚੁੱਕੀ ਹੈ ਜਿਸ ਨੂੰ ਲੈ ਕੇ ਕਾਂਗਰਸ ਪਾਰਟੀ ਲੜਾਈ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਅੱਗੇ ਲੜਾਈ ਹੋਰ ਵੀ ਹਮਲਾਵਰ ਹੁੰਦੀ ਜਾਵੇਗੀ।
ਰਾਹੁਲ ਗਾਂਧੀ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਬੈਠੇ ਸਨ ਜਿਨ੍ਹਾਂ ਨੇ ਮੀਡੀਆ ਨੂੰ ਦਸਿਆ ਕਿ ਉਨ੍ਹਾਂ ਦੀ ਸਰਕਾਰ ਕੇਂਦਰ ਦੇ ਇਨ੍ਹਾਂ ਕਾਨੂੰਨਾਂ ਨੂੰ ਨਾਕਾਮ ਬਣਾਉਣ ਲਈ ਛੇਤੀ ਹੀ ਵਿਸ਼ੇਸ਼ ਇਜਲਾਸ ਬੁਲਾਏਗੀ ਕਿਉਂ ਜੋ ਇਹ ਕਾਨੂੰਨ ਨਾ ਸਿਰਫ ਕਿਸਾਨਾਂ ਸਗੋਂ ਸਮੁੱਚੇ ਖੇਤੀਬਾੜੀ ਢਾਂਚੇ ਅਤੇ ਸੂਬੇ ਨੂੰ ਤਬਾਹ ਕਰ ਦੇਣ ਦੇ ਮਨਰੋਥ ਨਾਲ ਘੜੇ ਗਏ ਹਨ।
ਸ੍ਰੀ ਰਾਹੁਲ ਗਾਂਧੀ ਨੇ ਅਪਣੇ ਸੰਬੋਧਨ ਵਿਚ ਕਿਹਾ ਕਿ ਉਹ ਮੋਦੀ ਸਰਕਾਰ ਵਲੋਂ ਇਨ੍ਹਾਂ ਮਾਰੂ ਕਾਨੂੰਨਾਂ ਨਾਲ ਕਿਸਾਨਾਂ ਨੂੰ ਤਬਾਹ ਕਰਨ ਵਿਰੁੱਧ ਹਰ ਪੱਧਰ 'ਤੇ ਜੰਗ ਲੜਨ ਲਈ ਵਚਨਬੱਧ ਹਨ, ਜਿਵੇਂ ਮੋਦੀ ਸਰਕਾਰ ਨੇ ਪਹਿਲਾਂ ਐਸ.ਐਮ.ਈਜ ਅਤੇ ਛੋਟੇ ਵਪਾਰੀਆਂ ਨੂੰ ਨੋਟਬੰਦੀ ਅਤੇ ਜੀਐਸਟੀ ਨਾਲ ਨਿਸ਼ਾਨਾ ਬਣਾਇਆ ਸੀ। ਉਨ੍ਹਾਂ ਕਿਹਾ ਕਿ, ''ਮੈਂ ਉਨ੍ਹਾਂ ਨਾਲ ਲੜਾਂਗਾ ਅਤੇ ਉਨ੍ਹਾਂ ਨੂੰ ਰੋਕਾਂਗਾ।” ਉਨ੍ਹਾਂ ਅੱਗੇ ਕਿਹਾ ਕਿ ਜੇਕਰ ਐਮਐਸਪੀ ਖ਼ਤਮ ਹੋ ਗਈ ਤਾਂ ਪੰਜਾਬ, ਹਰਿਆਣਾ ਅਤੇ ਹੋਰ ਖੇਤੀਬਾੜੀ ਵਾਲੇ ਸੂਬਿਆਂ ਜਿਵੇਂ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦਾ ਕੋਈ ਭਵਿੱਖ ਨਹੀਂ ਬਚੇਗਾ।
ਮੋਦੀ ਅਤੇ ਉਹਨਾਂ ਦੇ ਸਹਿਯੋਗੀਆਂ ਵਲੋਂ ਪੰਜਾਬ ਅਤੇ ਹਰਿਆਣਾ ਵਿਚ ਆਪਣੇ ਵਿਰੋਧ ਪ੍ਰਦਰਸ਼ਨ ਦਾ ਮਜ਼ਾਕ ਉਡਾਉਣ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ, ਸ੍ਰੀ ਰਾਹੁਲ ਗਾਂਧੀ ਨੇ ਇਸ ਨੂੰ ਨਕਾਰਦਿਆਂ ਕਿਹਾ ਕਿ ਮੋਦੀ ਅਤੇ ਉਸ ਦੇ ਸਹਿਯੋਗੀਆਂ ਨੇ ਫਰਵਰੀ ਵਿਚ ਵੀ ਅਜਿਹਾ ਹੀ ਕੀਤਾ ਸੀ, ਜਦੋਂ ਉਨ੍ਹਾਂ ਨੇ ਪਹਿਲੀ ਵਾਰ ਕੋਰੋਨਾ ਬਾਰੇ ਸੁਚੇਤ ਕੀਤਾ ਸੀ ਪਰ ਹੁਣ ਸੱਚ ਸਾਰਿਆਂ ਦੇ ਸਾਹਮਣੇ ਹੈ। ਉਨ੍ਹਾਂ ਅੱਗੇ ਕਿਹਾ ਕਿ ਛੇ ਮਹੀਨਿਆਂ ਬਾਅਦ, ਖੇਤੀ ਕਾਨੂੰਨਾਂ ਬਾਰੇ ਜੋ ਉਹ ਹੁਣ ਕਹਿ ਰਹੇ ਹਨ, ਉਸ ਬਾਰੇ ਸੱਚਾਈ ਸਾਰਿਆਂ ਦੇ ਸਾਹਮਣੇ ਹੋਵੇਗੀ।
imageਪਟਿਆਲਾ ਜ਼ਿਲ੍ਹੇ ਵਿਚ ਸਨੌਰ ਨੇੜੇ 'ਕਿਸਾਨ ਬਚਾਓ, ਪੰਜਾਬ ਬਚਾਓ' ਰੈਲੀ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ। ਦੂਜੀ ਤਸਵੀਰ ਵਿਚ ਟਰੈਕਟਰ ਚਲਾ ਕੇ ਰੈਲੀ ਦੀ ਅਗਵਾਈ ਕਰਦੇ ਹੋਏ ਰਾਹੁਲ ਗਾਂਧੀ। ਪੀਟੀਆਈ