
ਲਖਨਊ ਹਵਾਈ ਅੱਡੇ 'ਤੇ ਧਰਨੇ ਤੋਂ ਬਾਅਦ ਰਾਹੁਲ, ਪਿ੍ਯੰਕਾ ਗਾਂਧੀ, ਚੰਨੀ ਅਤੇ ਬਘੇਲ ਲਖੀਮਪੁਰ ਗਏ
ਲਖਨਊ, 6 ਅਕਤੂਬਰ : ਕਾਂਗਰਸ ਜਨਰਲ ਸਕੱਤਰ ਪਿ੍ਯੰਕਾ ਗਾਂਧੀ ਵਾਡਰਾ, ਰਾਹੁਲ ਗਾਂਧੀ ਅਤੇ ਕਾਂਗਰਸ ਦੇ ਹੋਰ ਆਗੂ ਬੁਧਵਾਰ ਸ਼ਾਮ ਸੀਤਾਪੁਰ ਪੀਏਸੀ ਦੀ ਦੂਜੀ ਬਟਾਲੀਅਨ ਦੇ ਗੈਸਟ ਹਾਊਸ ਤੋਂ ਲਖੀਮਪੁਰ ਖੇੜੀ ਲਈ ਰਵਾਨਾ ਹੋ ਗਏ ਹਨ | ਜ਼ਿਕਰਯੋਗ ਹੈ ਕਿ ਪਿ੍ਯੰਕਾ ਗਾਂਧੀ ਅਤੇ ਪਾਰਟੀ ਦੇ ਹੋਰ ਆਗੂਆਂ ਨੂੰ ਪੀਏਸੀ ਕੰਪਲੈਕਸ 'ਚ ਹਿਰਾਸਤ ਵਿਚ ਰਖਿਆ ਗਿਆ ਸੀ |
ਸੀਤਾਪੁਰ ਤੋਂ ਰਾਹੁਲ ਅਪਣੀ ਭੈਣ ਪਿ੍ਯੰਕਾ ਨਾਲ ਇਕ ਗੱਡੀ 'ਚ ਜਦਕਿ ਕਾਂਗਰਸ ਮੁੱਖ ਸਕੱਤਰ ਕੇ.ਸੀ. ਵੇਣੂਗੋਪਾਲ ਅਤੇ ਰਣਦੀਪ ਸੁਰਜੇਵਾਲਾ ਦੂਜੀ ਗੱਡੀ 'ਚ ਰਵਾਨਾ ਹੋਏ | ਕਾਫ਼ਲੇ 'ਚ ਸ਼ਾਮਲ ਤੀਸਰੀ ਗੱਡੀ ਵਿਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਹਨ | ਇਸ ਵਿਚਕਾਰ ਸੀਤਾਪੁਰ ਦੇ ਉਪ ਜ਼ਿਲ੍ਹਾ ਅਧਿਕਾਰੀ ਪਿਆਰੇਲਾਲ ਮੋਰਿਆ ਨੇ ਦਸਿਆ ਕਿ ਪਿ੍ਯੰਕਾ ਗਾਂਧੀ ਵਾਡਰਾ ਨੂੰ ਹਿਰਾਸਤ 'ਚੋਂ ਛੱਡ ਦਿਤਾ ਗਿਆ ਹੈ |
ਇਸ ਨਾਲ ਹੀ ਪੰਜਾਬ ਅਤੇ ਛੱਤੀਸਗੜ੍ਹ ਦੀਆਂ ਸਰਕਾਰਾਂ ਨੇ ਉਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਜ਼ਿਲ੍ਹੇ 'ਚ ਬੀਤੇ ਐਤਵਾਰ ਨੂੰ ਹੋਈ ਹਿੰਸਾ 'ਚ ਮਾਰੇ ਗਏ ਕਿਸਾਨਾਂ ਦੇ ਪ੍ਰਵਾਰਾਂ ਨੂੰ 50-50 ਲੱਖ ਰੁਪਏ ਦੀ ਮਦਦ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ | ਇਸ ਤੋਂ ਪਹਿਲਾਂ ਲਖੀਮਪੁਰ ਖੇੜੀ ਜਾਣ ਲਈ ਲਖਨਊ ਹਵਾਈ ਅੱਡੇ 'ਤੇ ਪਹੁੰਚੇ ਰਾਹੁਲ ਗਾਂਧੀ ਪਹਿਲਾਂ ਇਜਾਜ਼ਤ ਨਾ ਮਿਲਣ ਦੇ ਵਿਰੋਧ ਵਿਚ ਕੁੱਝ ਦੇਰ ਲਈ ਧਰਨੇ 'ਤੇ ਬੈਠੇ ਸਨ | ਹਾਲਾਂਕਿ ਬਾਅਦ ਵਿਚ ਮਨਜ਼ੂਰੀ ਮਿਲਣ ਮਗਰੋਂ ਕਾਂਗਰਸ ਨੇਤਾ ਅਪਣੇ ਵਾਹਨ ਵਿਚ ਸਵਾਰ ਹੋ ਕੇ ਲਖੀਮਪੁਰ ਲਈ ਰਵਾਨਾ ਹੋ ਗਏ | ਰਾਹੁਲ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨਾਲ ਲਖਨਊ ਹਵਾਈ ਅੱਡੇ ਪਹੁੰਚੇ | ਇਸ ਦੌਰਾਨ ਅਧਿਕਾਰੀਆਂ ਨੇ ਉਨ੍ਹਾਂ ਨੂੰ ਅਪਣੇ ਵਾਹਨ ਦੀ ਵਰਤੋਂ ਕਰਨ ਦੀ ਥਾਂ 'ਤੇ ਦੂਜੇ ਰਸਤੇ ਤੋਂ ਪੁਲਿਸ ਦੀ ਗੱਡੀ ਤੋਂ ਜਾਣ ਨੂੰ ਕਿਹਾ | ਇਸ ਗੱਲ ਤੋਂ ਨਾਰਾਜ਼ ਰਾਹੁਲ ਹਵਾਈ ਅੱਡਾ ਕੰਪਲੈਕਸ ਵਿਚ ਹੀ ਧਰਨੇ 'ਤੇ ਬੈਠ ਗਏ | ਹਾਲਾਂਕਿ ਥੋੜ੍ਹੀ ਦੇਰ ਬਾਅਦ ਉਹ ਹਵਾਈ ਅੱਡੇ ਤੋਂ ਨਿਕਲ ਕੇ ਲਖੀਮਪੁਰ ਖੇੜੀ ਲਈ ਰਵਾਨਾ ਹੋ ਗਏ |
ਰਾਹੁਲ ਗਾਂਧੀ ਨੇ ਧਰਨੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਅਪਣੀ ਗੱਡੀ ਤੋਂ ਲਖੀਮਪੁਰ ਖੀਰੀ ਜਾਣਾ ਹੈ ਪਰ ਪੁਲਿਸ ਚਾਹੁੰਦੀ ਹੈ ਕਿ ਅਸੀਂ ਉਨ੍ਹਾਂ ਦੀ ਗੱਡੀ 'ਚ ਜਾਈਏ | ਪਹਿਲਾਂ ਇਨ੍ਹਾਂ ਨੇ ਕਿਹਾ ਕਿ ਤੁਸੀਂ ਅਪਣੀ ਗੱਡੀ 'ਚ ਜਾ ਸਕਦੇ ਹੋ, ਹੁਣ ਬੋਲ ਰਹੇ ਹਨ ਕਿ ਤੁਸੀਂ ਪੁਲਿਸ ਦੀ ਗੱਡੀ 'ਚ ਜਾਉਗੇ | ਇਹ ਕੁੱਝ ਨਾ ਕੁੱਝ ਬਦਮਾਸ਼ੀ ਕਰ ਰਹੇ ਹਨ | ਰਾਹੁਲ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਜੇਲ ਵਿਚ ਹੋਣਾ ਚਾਹੀਦਾ ਹੈ, ਉਨ੍ਹਾਂ ਨੂੰ ਜੇਲ 'ਚ ਨਹੀਂ ਸੁੱਟਿਆ ਜਾ ਰਿਹਾ ਹੈ ਪਰ ਸਾਨੂੰ ਮਿ੍ਤਕ ਕਿਸਾਨਾਂ ਦੇ ਪ੍ਰਵਾਰਾਂ ਨੂੰ ਮਿਲਣ ਤੋਂ ਰੋਕਿਆ ਜਾ ਰਿਹਾ ਹੈ |
ਲਖੀਮਪੁਰ ਖੀਰੀ ਜਾਣ ਲਈ ਕਾਂਗਰਸ ਆਗੂ ਰਾਹੁਲ ਗਾਂਧੀ ਨਾਲ ਬੁਧਵਾਰ ਨੂੰ ਲਖਨਊ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰੈੱਸ ਨੂੰ ਕਿਹਾ ਕਿ ਜਿਨ੍ਹਾਂ ਕਿਸਾਨਾਂ ਦਾ ਕਤਲ ਕੀਤਾ ਗਿਆ ਹੈ, ਪੰਜਾਬ ਸਰਕਾਰ ਉਨ੍ਹਾਂ ਨਾਲ ਹੈ | ਸਾਡੀ ਸਰਕਾਰ ਲਖੀਮਪੁਰ ਖੀਰੀ 'ਚ ਸ਼ਹੀਦ ਹੋਏ ਚਾਰ ਕਿਸਾਨਾਂ ਅਤੇ ਇਕ ਪੱਤਰਕਾਰ ਦੇ ਪ੍ਰਵਾਰ ਨੂੰ 50-50 ਲੱਖ ਰੁਪਏ ਦਵੇਗੀ | ਚੰਨੀ ਦੇ ਨਾਲ ਲਖਨਊ ਪਹੁੰਚੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਵੀ ਲਖੀਮਪੁਰ ਖੀਰੀ ਹਿੰਸਾ 'ਚ ਮਰੇ ਚਾਰ ਕਿਸਾਨਾਂ ਅਤੇ ਇਕ ਪੱਤਰਕਾਰ ਦੇ ਪ੍ਰਵਾਰ ਨੂੰ 50-50 ਲੱਖ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ | ਪੰਜਾਬ ਦੇ ਮੁੱਖ ਮੰਤਰ ਚੰਨੀ ਨੇ ਕਿਹਾ, ''ਜਿਵੇਂ ਜਲਿ੍ਹਆਂਵਾਲਾ ਬਾਗ਼ 'ਚ ਜਨਰਲ ਡਾਇਰ ਨੇ ਗੋਲੀਆਂ ਚਲਾ ਕੇ ਬੇਗੁਨਾਹ ਲੋਕਾਂ ਨੂੰ ਮਾਰਿਆ ਸੀ, ਉਸੇ ਤਰ੍ਹਾਂ ਸੱਤਾਧਾਰੀ ਭਾਜਪਾ ਨੇ ਲੋਕਤੰਤਰਿਕ ਵਿਵਸਥਾ ਦਾ ਮਜ਼ਾਕ ਉਡਾਇਆ ਹੈ | ਇਹ ਤਾਨਾਸ਼ਾਹੀ ਨਹੀਂ ਚਲੇਗੀ |'' ਬਘੇਲ ਨੇ ਕਿਹਾ ਕਿ ਲਖੀਮਪੁਰ 'ਚ ਜੋ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ, ਉਸ ਨਾਲ ਪੂਰਾ ਦੇਸ਼ ਦਹਿਲ ਗਿਆ ਹੈ | ਸਾਰੇ ਕਿਸਾਨ ਗੁੱਸੇ 'ਚ ਹਨ ਅਤੇ ਉਨ੍ਹਾਂ ਪੀੜਤ ਪ੍ਰਵਾਰਾਂ ਨਾਲ ਪੂਰਾ ਦੇਸ਼ ਖੜਾ ਹੈ |
ਇਸ ਤੋਂ ਪਹਿਲਾਂ ਉਤਰ ਪ੍ਰਦੇਸ਼ ਸਰਕਾਰ ਨੇ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਨੇਤਾਵਾਂ ਨੂੰ ਲਖੀਮਪੁਰ ਖੀਰੀ ਹਿੰਸਾ ਦੇ ਪੀੜਤਾਂ ਦੇ ਪ੍ਰਵਾਰਾਂ ਨੂੰ ਮਿਲਣ ਦੀ ਸ਼ਰਤੀਆ ਇਜਾਜ਼ਤ ਦਿਤੀ ਸੀ | ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ ਲਾਅ ਐਂਡ ਆਰਡਰ ਪ੍ਰਸ਼ਾਂਤ ਕੁਮਾਰ ਨੇ ਬੁਧਵਾਰ ਨੂੰ ਪੱਤਰਕਾਰਾਂ ਨੂੰ ਦਸਿਆ, Tਲਖੀਮਪੁਰ ਖੀਰੀ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਾਂਤੀ ਬਣਾਈ ਰਖਣ ਦੇ ਨਜ਼ਰੀਏ ਤੋਂ ਲੋਕਾਂ ਦੀ ਆਵਾਜਾਈ 'ਤੇ ਪਾਬੰਦੀ ਲਗਾਈ ਸੀ, ਪਰ ਹੁਣ ਉੱਥੇ ਪੰਜ ਲੋਕਾਂ ਦੇ ਸਮੂਹਾਂ ਵਿਚ ਲੋਕਾਂ ਨੂੰ ਇਜਾਜ਼ਤ ਦੇ ਦਿਤੀ ਗਈ ਹੈ | ਜਿਹੜਾ ਵੀ ਜਾਣਾ ਚਾਹੁੰਦਾ ਹੈ ਉਹ ਉਥੇ ਜਾ ਸਕਦਾ ਹੈ |U (ਏਜੰਸੀ)