
ਬਾਦਲਾਂ ਦੀਆਂ ਬਸਾਂ 'ਤੇ ਸ਼ਿਕੰਜਾ ਕਸਿਆ, ਬਿਨਾਂ ਟੈਕਸ ਭਰੇ ਚਲ ਰਹੀਆਂ ਬਸਾਂ ਫੜ ਕੇ ਬੰਦ ਕੀਤੀਆਂ
ਚੰਡੀਗੜ੍ਹ, 6 ਅਕਤੂਬਰ (ਗੁਰਉਪਦੇਸ਼ ਭੁੱਲਰ): ਚੰਨੀ ਸਰਕਾਰ ਨੇ ਕਾਂਗਰਸ ਹਾਈਕਮਾਨ ਵਲੋਂ ਦਿਤੇ 18 ਨੁਕਾਤੀ ਏਜੰਡੇ ਤਹਿਤ ਟਰਾਂਸਪੋਰਟ ਮਾਫ਼ੀਆ ਨੂੰ ਖ਼ਤਮ ਕਰਨ ਦੀ ਕਾਰਵਾਈ ਵੀ ਸ਼ੁਰੂ ਹੋ ਚੁਕੀ ਹੈ | ਨਵੇਂ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦੀਆਂ ਸਖ਼ਤ ਹਦਾਇਤਾਂ ਤੋਂ ਬਾਅਦ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਹਰਕਤ ਵਿਚ ਆਏ ਹਨ | ਬੀਤੇ ਦਿਨੀਂ ਵਿਭਾਗ ਦੇ ਕੰਮ ਵਿਚ ਤੇਜ਼ੀ ਲਿਆਉਣ ਲਈ ਚਾਰ ਜ਼ਿਲਿ੍ਹਆਂ ਦੇ ਆਰ.ਟੀ.ਏ. ਦੇ ਸਕੱਤਰ ਬਦਲੇ ਗਏ ਸਨ ਤੇ ਅੱਜ ਹੀ ਟਰਾਂਸਪੋਰਟ ਅਧਿਕਾਰੀਆਂ ਨੇ ਵੱਡੀ ਕਾਰਵਾਈ ਸ਼ੁੁਰੂ ਕਰਦਿਆਂ ਬਾਦਲ ਪ੍ਰਵਾਰ ਦੀਆਂ ਬਸਾਂ ਉਪਰ ਸੱਭ ਤੋਂ ਪਹਿਲਾਂ ਸ਼ਿਕੰਜਾ ਕਸਿਆ ਗਿਆ ਹੈ | ਅੱਜ ਦੋ ਦਰਜਨ ਦੇ ਕਰੀਬ ਪ੍ਰਾਈਵੇਟ ਬਸਾਂ ਨੂੰ ਵੱਖ ਵੱਖ ਨਿਯਮਾਂ ਦੇ ਉਲੰਘਣ ਦੇ ਦੋਸ਼ ਵਿਚ ਫੜ ਕੇ ਬੰਦ ਕੀਤਾ
ਗਿਆ ਹੈ |
ਇਨ੍ਹਾਂ ਵਿਚ ਬਾਦਲਾਂ ਦੀਆਂ ਆਰਬਿਟ, ਰਾਜਧਾਨੀ, ਬਾਦਲ ਪ੍ਰਵਾਰ ਦੇ ਨੇੜਲਿਆਂ ਡਿੰਪੀ ਢਿੱਲੋਂ ਦੀ ਨਿਊ ਦੀਪ ਅਤੇ ਜੁਝਾਰ ਟਰਾਂਸਪੋਰਟ ਦੀਆਂ ਬਸਾਂ 'ਤੇ ਕਾਰਵਾਈ ਹੋਈ ਹੈ | ਦੇਰ ਸ਼ਾਮ ਤਕ ਬਾਦਲਾਂ ਤੋਂ ਇਲਾਵਾ ਹੋਰ ਕੰਪਨੀਆਂ ਦੀਆਂ ਕੁੱਝ ਬਸਾਂ ਨੂੰ ਵੀ ਫੜ ਕੇ ਬੰਦ ਕੀਤਾ ਗਿਆ | ਮੁੱਖ ਤੌਰ 'ਤੇ ਜ਼ਿਆਦਾਤਰ ਉਨ੍ਹਾਂ ਬਸਾਂ 'ਤੇ ਕਾਰਵਾਈ ਹੋਈ ਹੈ ਜਿਨ੍ਹਾਂ ਨੇ ਟੈਕਸ ਨਹੀਂ ਭਰਿਆ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੱਸ ਅੱਡਿਆਂ ਉਪਰ ਨਾਜਾਇਜ਼ ਕਬਜ਼ਿਆਂ ਵਿਰੁਧ ਕਾਰਵਾਈ ਕਰ ਕੇ ਵੜਿੱਗ ਦੀਆਂ ਹਦਾਇਤਾਂ ਉਪਰ ਬਠਿੰਡਾ ਅੱਡੇ ਵਿਚ ਆਰਬਿਟ ਦਾ ਨਾਜਾਇਜ਼ ਦਫ਼ਤਰ ਵੀ ਹਟਾ ਦਿਤਾ ਗਿਆ ਸੀ |