
ਬਿ੍ਟੇਨ ਦੀ ਗ੍ਰਹਿ ਮੰਤਰੀ ਨੇ ਲੇਸਟਰ ਦੰਗਿਆਂ ਲਈ ਨਵੇਂ ਪ੍ਰਵਾਸੀਆਂ ਨੂੰ ਠਹਿਰਾਇਆ ਜ਼ਿੰਮੇਵਾਰ
ਲੰਡਨ, 6 ਅਕਤੂਬਰ : ਬਿ੍ਟੇਨ ਦੀ ਭਾਰਤੀ ਮੂਲ ਦੇ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੇ ਹਾਲ ਹੀ ਵਿਚ ਭਾਰਤ-ਪਾਕਿ ਕਿ੍ਕਟ ਮੈਚ ਤੋਂ ਬਾਅਦ ਲੇਸਟਰ ਵਿਚ ਹੋਏ ਦੰਗਿਆਂ ਲਈ ਦੇਸ਼ ਵਿਚ ਬੇ-ਹਿਸਾਬ ਪ੍ਰਵਾਸ ਅਤੇ ਨਵੇਂ ਲੋਕਾਂ ਵਿਚਾਲੇ ਮੇਲਜੋਲ ਦੀ ਕਮੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ | ਬ੍ਰੇਵਰਮੈਨ ਨੇ ਗ੍ਰਹਿ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਮੰਗਲਵਾਰ ਸ਼ਾਮ ਬਰਮਿੰਘਮ ਵਿਚ ਆਯੋਜਤ ਕੰਜ਼ਰਵੇਟਿਵ ਪਾਰਟੀ ਦੇ ਸਾਲਾਨਾ ਸੰਮੇਲਨ ਵਿਚ ਪੂਰਬੀ ਇੰਗਲੈਂਡ ਦੇ ਸ਼ਹਿਰ ਲੇਸਟਰ ਦੇ ਅਪਣੇ ਦੌਰੇ ਦਾ ਜ਼ਿਕਰ ਕੀਤਾ, ਜਿਥੇ ਪਿਛਲੇ ਮਹੀਨੇ ਹਿੰਦੂ ਅਤੇ ਮੁਸਲਿਮ ਸਮੂਹਾਂ ਵਿਚਾਲੇ ਝੜਪ ਹੋ ਗਈ ਸੀ |
ਸੰਮੇਲਨ ਦੌਰਾਨ ਬ੍ਰੇਵਰਮੈਨ ਨੇ ਕਿਹਾ ਕਿ ਮੈਂ ਹਾਲ ਵਿਚ ਲੇਸਟਰ ਗਈ ਸੀ | ਉਥੇ ਵੱਡੀ ਗਿਣਤੀ ਵਿਚ ਨਵੇਂ ਲੋਕਾਂ ਵਿਚਾਲੇ ਮੇਲਜੋਲ ਦੀ ਕਮੀ ਕਾਰਨ ਦੰਗੇ ਅਤੇ ਨਾਗਰਿਕ ਅਵਿਵਸਥਾ ਪੈਦਾ ਹੋਈ | ਬਿ੍ਟੇਨ ਵਿਚ ਇਸ ਤਰ੍ਹਾਂ ਦਾ ਕਾਰੇ ਲਈ ਕੋਈ ਸਥਾਨ ਨਹੀਂ ਹੈ | ਬ੍ਰੇਵਰਮੈਨ ਨੇ ਜ਼ੋਰ ਦੇ ਕੇ ਕਿਹਾ ਕਿ ਬਿ੍ਟੇਨ ਦੀਆਂ ਸਰਹੱਦਾਂ ਨੂੰ ਕੰਟਰੋਲ ਕਰਨਾ ਨਸਲਵਾਦ ਨਹੀਂ ਹੈ | ਉਨ੍ਹਾਂ ਨੇ ਘੱਟ ਕੁਸ਼ਲ ਕਾਮਿਆਂ ਦੀ ਗਿਣਤੀ ਘੱਟ ਕਰਨ ਦਾ ਵਾਅਦਾ ਕੀਤਾ | ਬ੍ਰੇਵਰਮੈਨ ਨੇ ਦੇਸ਼ ਵਿਚ ਪ੍ਰਵਾਸ ਨੂੰ ਕੰਟਰੋਲ ਕਰਨ ਦੀਆਂ ਅਪਣੀਆਂ ਯੋਜਨਾਵਾਂ ਦਾ ਸਮਰਥਨ ਕਰਦੇ ਹੋਏ ਅਪਣੀ ਪਰਵਾਰਕ ਵਿਰਾਸਤ ਦਾ ਜ਼ਿਕਰ ਕੀਤਾ | (ਏਜੰਸੀ)