
ਕਿਸਾਨ ਜਥੇਬੰਦੀਆਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਮੀਟਿੰਗ : ਅਹਿਮ ਮੰਗਾਂ 'ਤੇ ਬਣੀ ਸਹਿਮਤੀ
ਮੁਕੰਮਲ ਕਰਜ਼ਾ ਮਾਫ਼ੀ ਨੂੰ ਛੱਡ ਕੇ ਬਾਕੀ ਸੱਭ ਮੰਗਾਂ 'ਤੇ ਕਾਰਵਾਈ ਦਾ ਦਿਤਾ ਭਰੋਸਾ
ਚੰਡੀਗੜ੍ਹ, 6 ਅਕਤੂਬਰ (ਗੁਰਉਪਦੇਸ਼ ਭੁੱਲਰ): ਸੰਯੁਕਤ ਕਿਸਾਨ ਮੋਰਚੇ ਨਾਲ ਜੁੜੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਅੱਜ ਸ਼ਾਮ ਇਥੇ ਪੰਜਾਬ ਭਵਨ ਵਿਚ ਮੁੱਖ ਮੰਤਰੀ ਨਾਲ ਹੋਈ ਮੀਟਿੰਗ ਵਿਚ ਕਈ ਅਹਿਮ ਮੰਗਾਂ ਉਪਰ ਸਹਿਮਤੀ ਬਣੀ ਹੈ | ਸਿਰਫ਼ ਮੁਕੰਮਲ ਕਰਜ਼ਾ ਮਾਫ਼ੀ ਦੀ ਮੰਗ ਉਪਰ ਕੋਈ ਹਾਮੀ ਸਰਕਾਰ ਨੇ ਨਹੀਂ ਭਰੀ ਪਰ ਇਸ ਮਸਲੇ ਉਪਰ ਵਿਚਾਰ ਲਈ ਦੁਬਾਰਾ ਮੀਟਿੰਗ ਸੱਦ ਕੇ ਵਿਚਾਰ ਕਰਨ ਦੀ ਗੱਲ ਆਖੀ ਗਈ ਹੈ | ਘੱਟ ਰੇਟ ਉਪਰ ਵਿਕਰੀ ਮੁੰਗੀ ਦੀ ਫ਼ਸਲ ਦੀ ਭਰਪਾਈ ਲਈ ਸਰਕਾਰ ਵਲੋਂ ਅਦਾਇਗੀ ਕਰਨ, ਸਿੱਧੀ ਬਿਜਾਈ ਬਦਲੇ ਦਿਤੀ ਜਾਣ ਵਾਲੀ ਰਾਸ਼ੀ ਦੀ ਅਦਾਇਗੀ ਕੀਤੀ ਜਾਵੇ | ਬੰਦ ਕੀਤੇ ਪਸ਼ੂ ਮੇਲੇ 15 ਅਕਤੂਬਰ ਤੋਂ ਮੁੜ ਸ਼ੁਰੂ ਕਰਨ, ਕੁਦਰਤੀ ਆਫ਼ਤਾਂ ਨਾਲ ਫ਼ਸਲ ਦੇ ਨੁਕਸਾਨ ਦੇ ਮੁਆਵਜ਼ੇ ਦੀ ਰਾਸ਼ੀ ਗਿਰਦਾਵਰੀ ਰੀਪੋਰਟ ਆਧਾਰ 'ਤੇ ਦੇਣ ਦਾ ਮੁੱਖ ਮੰਤਰੀ ਨੇ ਭਰੋਸਾ ਦਿਤਾ | ਮੀਟਿੰਗ ਵਿਚ ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਡੀ.ਜੀ.ਪੀ. ਗੌਰਵ ਯਾਦਵ ਵੀ ਮੌਜੂਦ ਸਨ |
ਕਿਸਾਨ ਆਗੂਆਂ ਵਿਚ ਜਗਜੀਤ ਸਿੰਘ ਡੱਲੇਵਾਲ, ਬੂਟਾ ਸਿੰਘ ਬੁਰਜਗਿੱਲ, ਡਾ. ਦਰਸ਼ਨਪਾਲ, ਰੁਲਦੂ ਸਿੰਘ, ਬਲਦੇਵ ਸਿੰਘ ਸਿਰਸਾ, ਮਲਜੀਤ ਸਿੰਘ ਰਾਏ, ਜੰਗਵੀਰ ਸਿੰਘ, ਰਮਿੰਦਰ ਪਟਿਆਲਾ ਤੇ ਡਾ. ਸਤਨਾਮ ਸਿੰਘ ਆਦਿ ਮੌਜੂਦ ਸਨ | ਪਰਾਲੀ ਦੇ ਮਾਮਲੇ ਵਿਚ ਵੀ ਕਿਸਾਨਾਂ ਵਿਰੁਧ ਕੋਈ ਪਰਚਾ ਦਰਜ ਨਾ ਕਰਨ ਤੇ ਜਾਗਰੂਕ ਕਰ ਕੇ ਹੱਲ ਦਾ ਭਰੋਸਾ ਦਿਤਾ ਗਿਆ | ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਉਤਸ਼ਾਹਤ ਕਰਨ ਲਈ ਵਿੱਤੀ ਸਹਾਇਤਾ
ਦੀ ਵੰਡ ਸ਼ੁਰੂ ਕਰ ਦਿਤੀ ਗਈ ਹੈ | ਉਨ੍ਹਾਂ ਦਸਿਆ ਕਿ 17000 ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਅਦਾਇਗੀ ਕੀਤੀ ਜਾ ਚੁੱਕੀ ਹੈ | ਭਗਵੰਤ ਮਾਨ ਨੇ ਕਿਹਾ ਕਿ ਬਾਕੀ ਰਹਿੰਦੇ ਕਿਸਾਨਾਂ ਦੀ ਅਦਾਇਗੀ ਵੀ ਇਕ ਹਫ਼ਤੇ ਵਿਚ ਕਰ ਦਿਤੀ ਜਾਵੇਗੀ | ਮੁੱਖ ਮੰਤਰੀ ਨੇ ਕਿਸਾਨਾਂ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਲੰਪੀ ਸਕਿਨ ਬਿਮਾਰੀ ਦਾ ਸ਼ਿਕਾਰ ਹੋਏ ਪਸ਼ੂ ਧਨ ਦੀ ਵਿਸਤਿ੍ਤ ਸੂਚੀ ਸੂਬਾ ਸਰਕਾਰ ਵਲੋਂ ਭਾਰਤ ਸਰਕਾਰ ਨੂੰ ਭੇਜੀ ਜਾਵੇਗੀ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਸ ਬਿਮਾਰੀ ਕਾਰਨ ਪਸ਼ੂ ਧਨ ਦਾ ਨੁਕਸਾਨ ਝੱਲਣ ਵਾਲੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦਾ ਮੁੱਦਾ ਕੇਂਦਰ ਸਰਕਾਰ ਕੋਲ ਉਠਾਏਗੀ | ਭਗਵੰਤ ਮਾਨ ਨੇ ਕਿਹਾ ਕਿ ਇਸ ਬਿਮਾਰੀ ਨੂੰ ਮਹਾਂਮਾਰੀ ਐਲਾਨਣ ਨੂੰ ਯਕੀਨੀ ਬਣਾਉਣ ਲਈ ਪਹਿਲਾਂ ਹੀ ਕੇਂਦਰ ਸਰਕਾਰ ਕੋਲ ਯਤਨ ਕੀਤੇ ਜਾ ਰਹੇ ਹਨ |
ਇਕ ਹੋਰ ਮੁੱਦੇ 'ਤੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਕਿਸਾਨ ਅੰਦੋਲਨ ਦੌਰਾਨ ਦਰਜ ਹੋਏ ਕਈ ਕੇਸ ਪਹਿਲਾਂ ਹੀ ਰੱਦ ਕੀਤੇ ਜਾ ਚੁੱਕੇ ਹਨ ਅਤੇ ਬਾਕੀ ਰਹਿੰਦੇ ਕੇਸ ਵੀ ਜਲਦੀ ਹੀ ਰੱਦ ਕਰ ਦਿਤੇ ਜਾਣਗੇ | ਉਨ੍ਹਾਂ ਕਿਹਾ ਕਿ ਅੰਦੋਲਨ ਦੌਰਾਨ ਜਾਨਾਂ ਗਵਾਉਣ ਵਾਲੇ ਕਿਸਾਨਾਂ ਦੇ ਪ੍ਰਵਾਰਾਂ ਨੂੰ ਪਹਿਲਾਂ ਹੀ 5-5 ਲੱਖ ਰੁਪਏ ਦੀ ਸਹਾਇਤਾ ਦਿਤੀ ਜਾ ਚੁੱਕੀ ਹੈ | ਭਗਵੰਤ ਮਾਨ ਨੇ ਅੱਗੇ ਕਿਹਾ ਕਿ ਅੰਦੋਲਨ ਦੌਰਾਨ ਜਾਨਾਂ ਗਵਾਉਣ ਵਾਲੇ ਕੁਲ 624 ਕਿਸਾਨਾਂ ਵਿਚੋਂ 326 ਦੇ ਵਾਰਸਾਂ ਨੂੰ ਸਰਕਾਰੀ ਨੌਕਰੀਆਂ ਦਿਤੀਆਂ ਚੁੱਕੀਆਂ ਹਨ ਅਤੇ ਬਾਕੀਆਂ ਨੂੰ ਵੀ ਜਲਦੀ ਹੀ ਨੌਕਰੀਆਂ ਦਿਤੀਆਂ ਜਾਣਗੀਆਂ |