
ਦਿੱਲੀ ਅਤੇ ਹਰਿਆਣੇ ਦੇ ਗੁਰਦਵਾਰਿਆਂ ਦੇ ਮਾਮਲੇ 'ਚ ਪੰਥਕ ਹਲਕੇ ਹੈਰਾਨ ਤੇ ਪ੍ਰੇਸ਼ਾਨ
ਕੋਟਕਪੂਰਾ, 6 ਅਕਤੂਬਰ (ਗੁਰਿੰਦਰ ਸਿੰਘ) : 'ਸਰਨਾ ਭਰਾਵਾਂ' ਵਲੋਂ ਬਾਦਲਾਂ ਨਾਲ ਸੁਲਾਹ ਕਰਨ, ਹਰਮੀਤ ਸਿੰਘ ਕਾਲਕਾ ਵਲੋਂ 'ਸਰਨਾ ਭਰਾਵਾਂ' ਅਤੇ ਬਾਦਲਾਂ ਵਿਰੁਧ ਚਾਂਦਮਾਰੀ, ਮਨਜੀਤ ਸਿੰਘ ਜੀ.ਕੇ. ਵਲੋਂ ਬਾਹਰੋਂ ਹਮਾਇਤ ਦੇਣ ਦਾ ਐਲਾਨ, ਹਰਿਆਣਾ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਜਗਦੀਸ਼ ਸਿੰਘ ਝੀਂਡਾ ਨੂੰ ਹਟਾਉਣ, ਅਮਰਿੰਦਰ ਸਿੰਘ ਅਰੋੜਾ ਨੂੰ ਨਵਾਂ ਪ੍ਰਧਾਨ ਥਾਪਣ, ਬਲਜੀਤ ਸਿੰਘ ਦਾਦੂਵਾਲ ਵਲੋਂ ਸਰਕਾਰ ਨੂੰ ਦਖ਼ਲ ਦੇਣ ਦੀਆਂ ਅੱਜ ਅਖ਼ਬਾਰਾਂ ਵਿਚ ਬਣੀਆਂ ਸੁਰਖੀਆਂ ਨੇ ਪੰਥਕ ਹਲਕਿਆਂ ਵਿਚ ਹਲਚਲ ਮਚਾ ਦਿਤੀ ਹੈ | ਕੋਈ ਇਸ ਨੂੰ ਗੁਰਦਵਾਰਿਆਂ ਵਿਚ ਵੀ ਕੁਰਸੀ ਹਾਸਲ ਕਰਨ ਦੀ ਦੌੜ ਦਸ ਕੇ ਮੰਦਭਾਗਾ ਦਰਸਾ ਰਿਹਾ ਹੈ ਅਤੇ ਗੁਰਦਵਾਰਿਆਂ ਦੀ ਪ੍ਰਧਾਨਗੀ ਦੇ ਮੁੱਦੇ 'ਤੇ ਇਕ ਦੂਜੇ ਵਿਰੁਧ ਕਰੋੜਾਂ ਰੁਪਏ ਦੀ ਰਿਸ਼ਵਤ ਅਤੇ ਘਪਲੇਬਾਜ਼ੀ ਦੇ ਲੱਗ ਰਹੇ
ਦੋਸ਼ ਵੀ ਚਰਚਾ ਦਾ ਵਿਸ਼ਾ ਬਣ ਰਹੇ ਹਨ |
ਪੰਥਕ ਹਲਕਿਆਂ ਦਾ ਜ਼ਿਆਦਾ ਧਿਆਨ ਭਾਈ ਬਲਜੀਤ ਸਿੰਘ ਦਾਦੂਵਾਲ ਦੇ ਉਸ ਬਿਆਨ ਨੇ ਖਿਚਿਆ ਹੈ ਜਿਸ ਵਿਚ ਉਨ੍ਹਾਂ ਸਰਕਾਰ ਨੂੰ ਹਰਿਆਣਾ ਸਿੱਖ ਗੁਰਦਵਾਰਾ
ਪ੍ਰਬੰਧਕ ਕਮੇਟੀ ਦੇ ਮਾਮਲਿਆਂ ਵਿਚ ਦਖ਼ਲ ਦੇਣ ਦਾ ਸੱਦਾ ਦਿਤਾ ਹੈ |
ਪੰਥਕ ਹਲਕੇ ਹੈਰਾਨ ਅਤੇ ਪ੍ਰੇਸ਼ਾਨ ਹਨ ਕਿ ਇਕ ਪਾਸੇ ਸਾਡੇ ਪੰਥ ਦੇ ਅਖੌਤੀ ਠੇਕੇਦਾਰ ਅਕਸਰ ਸਰਕਾਰ ਉਪਰ ਪੰਥਕ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਕਰਨ ਦਾ ਦੋਸ਼ ਲਾ ਕੇ ਆਲੋਚਨਾ ਕਰਦੇ ਰਹਿੰਦੇ ਹਨ ਤੇ ਚਿਤਾਵਨੀਆਂ ਵਰਗੇ ਸਖ਼ਤ ਬਿਆਨ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਦੇ ਹਨ ਕਿ ਸਰਕਾਰ ਦਾ ਦਖ਼ਲ ਬਿਲਕੁੱਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪਰ ਭਾਈ ਦਾਦੂਵਾਲ ਵਲੋਂ ਸਰਕਾਰ ਨੂੰ ਪੰਥਕ ਮਾਮਲਿਆਂ ਵਿਚ ਖ਼ੁਦ ਦਖ਼ਲ ਦੇਣ ਦਾ ਸੱਦਾ ਦੇਣ ਵਾਲੇ ਬਿਆਨ ਨੇ ਪੰਥਕ ਹਲਕਿਆਂ ਨੂੰ ਹੈਰਾਨ ਤੇ ਪ੍ਰੇਸ਼ਾਨ ਹੀ ਨਹੀਂ ਕੀਤਾ ਬਲਕਿ ਉਕਤ ਬਿਆਨ ਨਾਲ ਪੰਥਕ ਹਲਕਿਆਂ ਵਿਚ ਹਲਚਲ ਮਚਣੀ ਸੁਭਾਵਿਕ ਹੈ |