
ਖੰਘ ਦੀ ਦਵਾਈ ਨਾਲ ਬੱਚਿਆਂ ਦੀ ਮੌਤ ਹੋਣ ਤੋਂ ਬਾਅਦ ਕੁੰਡਲੀ 'ਚ ਛਾਪੇਮਾਰੀ
ਸਿਹਤ ਮੰਤਰੀ ਬੋਲੇ, ਮਾਮਲੇ ਦੀ ਕੀਤੀ ਜਾ ਰਹੀ ਹੈ ਜਾਂਚ
ਨਵੀਂ ਦਿੱਲੀ, 6 ਅਕਤੂਬਰ : ਖੰਘ ਦੀ ਦਵਾਈ ਕਾਰਨ ਵਿਦੇਸ਼ਾਂ 'ਚ ਬੱਚਿਆਂ ਦੀ ਮੌਤ ਤੋਂ ਬਾਅਦ ਅਧਿਕਾਰੀਆਂ 'ਚ ਹੜਕੰਪ ਮਚ ਗਿਆ ਹੈ | ਡਬਲਯੂ.ਐਚ.ਓ. ਦੇ ਇਤਰਾਜ਼ ਤੋਂ ਬਾਅਦ ਡਰੱਗ ਇੰਸਪੈਕਟਰਾਂ ਦੀ ਟੀਮ ਨੇ ਸੋਨੀਪਤ ਦੇ ਕੁੰਡਲੀ 'ਚ ਇਕ ਕੰਪਨੀ ਵਿਚ ਛਾਪੇਮਾਰੀ ਸ਼ੁਰੂ ਕਰ ਦਿਤੀ ਹੈ | ਖੰਘ ਦੀ ਦਵਾਈ ਐਕਸਪੋਰਟ ਕਰਨ ਵਾਲੀਆਂ ਕੰਪਨੀਆਂ 'ਚੋਂ ਇਕ ਮੈਡੀਨ ਫ਼ਾਰਮਾਸਿਊਟੀਕਲਜ਼ ਸੋਨੀਪਤ ਦੇ ਕੁੰਡਲੀ 'ਚ ਸਥਿਤ ਹੈ | ਇਕ ਹਫ਼ਤੇ ਵਿਚ ਇਹ ਤੀਜੀ ਵਾਰ ਛਾਪੇਮਾਰੀ ਕੀਤੀ ਗਈ ਹੈ | ਦਵਾਈ ਨਿਰਮਾਤਾ ਕੰਪਨੀ ਨਾਲ ਸਬੰਧਤ ਦਵਾਈਆਂ ਦੇ ਪੰਜ ਸੈਂਪਲ ਜਾਂਚ ਲਈ ਭੇਜੇ ਗਏ ਹਨ |
ਉਥੇ ਹੀ ਜਾਂਚ ਰਿਪੋਰਟ ਆਉਣ ਤਕ ਕੰਪਨੀ ਵਿਚ ਉਤਪਾਦਨ, ਵਿਕਰੀ ਅਤੇ ਨਿਰਯਾਤ 'ਤੇ ਪਾਬੰਦੀ ਲਗਾ ਦਿਤੀ ਗਈ ਹੈ | ਕੱਚੇ ਮਾਲ ਦੀ ਖ਼ਰੀਦ, ਨਿਰਮਾਣ ਅਤੇ ਦਵਾਈਆਂ ਦੇ ਨਿਰਯਾਤ ਵਿਚ ਲੱਗੇ ਕੈਮਿਸਟਾਂ ਦੀ ਯੋਗਤਾ ਬਾਰੇ ਸਬੰਧਤ ਕੰਪਨੀ ਤੋਂ ਰਿਪੋਰਟ ਮੰਗੀ ਗਈ ਹੈ | ਇਸ ਦੇ ਨਾਲ ਹੀ ਕੰਪਨੀ ਦਾ ਰਿਕਾਰਡ ਕਬਜ਼ੇ ਵਿਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ | ਛਾਪੇਮਾਰੀ ਡਰੱਗ ਕੰਟਰੋਲਰ ਮਨਮੋਹਨ ਤਨੇਜਾ ਵਲੋਂ ਕੀਤੀ ਜਾ ਰਹੀ ਹੈ, ਜਦਕਿ ਟੀਮ ਦੀ ਅਗਵਾਈ ਡੀਐੱਲਓ ਰਾਕੇਸ਼ ਦਹੀਆ ਕਰ ਰਹੇ ਹਨ |
ਮਾਮਲਾ ਇਹ ਹੈ ਕਿ ਭਾਰਤ ਦੀਆਂ ਚਾਰ ਦਵਾਈਆਂ ਨੂੰ ਘਾਤਕ ਕਰਾਰ ਦਿਤਾ ਗਿਆ ਹੈ | ਇਹ ਚਾਰ ਦਵਾਈਆਂ ਬੱਚਿਆਂ ਦੀ ਖੰਘ ਨਾਲ ਸਬੰਧਤ ਹਨ | ਇਨ੍ਹਾਂ ਚਾਰ ਦਵਾਈਆਂ ਦਾ ਨਿਰਯਾਤ ਕੀਤਾ ਜਾਂਦਾ ਹੈ | ਹਾਲ ਹੀ 'ਚ ਕਈ ਦੇਸ਼ਾਂ 'ਚ ਖੰਘ ਦੀ ਦਵਾਈ ਪੀਣ ਨਾਲ ਬੱਚਿਆਂ ਦੀ ਹਾਲਤ ਖ਼ਰਾਬ
ਹੋਣ ਲੱਗੀ ਹੈ | ਇਨ੍ਹਾਂ ਵਿਚੋਂ ਕਈ ਬੱਚਿਆਂ ਦੀ ਮੌਤ ਹੋ ਚੁੱਕੀ ਸੀ | ਇਕੱਲੇ ਅਫ਼ਰੀਕੀ ਦੇਸ਼ ਗਾਂਬੀਆ ਵਿਚ 66 ਬੱਚਿਆਂ ਦੀ ਮੌਤ ਦੱਸੀ ਜਾ ਰਹੀ ਹੈ | ਇਸ ਦੀ ਸ਼ਿਕਾਇਤ ਰਾਹੀਂ ਭਾਰਤ ਸਰਕਾਰ ਨੂੰ ਕੀਤੀ ਗਈ ਸੀ |
ਉਥੇ ਹੀ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਫ਼ਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਕੇਂਦਰ ਅਤੇ ਹਰਿਆਣਾ ਦੇ ਸਿਹਤ
ਵਿਭਾਗ ਦੀਆਂ ਟੀਮਾਂ ਸੈਂਪਲ ਲੈ ਰਹੀਆਂ ਹਨ, ਹੁਣ ਕਾਰਵਾਈ ਕਰਨ ਤੋਂ ਪਹਿਲਾਂ ਸੈਂਪਲਾਂ ਨੂੰ ਸੈਂਟਰਲ
ਲੈਬ, ਕੋਲਕਾਤਾ ਨੂੰ ਭੇਜਿਆ ਗਿਆ ਹੈ, ਜੇਕਰ ਕੋਈ ਕਮੀ ਪਾਈ ਗਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ | (ਏਜੰਸੀ)