
ਪ੍ਰੇਮੀ ਸਮੇਤ 4 ਖਿਲਾਫ ਮਾਮਲਾ ਦਰਜ
Gurdaspur News : ਗੁਰਦਾਸਪੁਰ ਦੇ ਕਸਬਾ ਫਤਿਹਗੜ੍ਹ ਚੂੜੀਆਂ 'ਚ ਇਕ ਬਜ਼ੁਰਗ ਵਿਅਕਤੀ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ। ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਪਿੰਡ ਦੀਆਂ ਔਰਤਾਂ ਦੇ ਤਾਅਨੇ-ਮਿਹਣਿਆਂ ਤੋਂ ਪ੍ਰੇਸ਼ਾਨ ਰਹਿੰਦਾ ਸੀ, ਜਿਸ ਕਾਰਨ ਉਸ ਨੇ ਅਜਿਹਾ ਕਦਮ ਚੁੱਕਿਆ।
ਮ੍ਰਿਤਕ ਦੀ ਪਛਾਣ ਮਨਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਜੋਂ ਹੋਈ ਹੈ। ਮ੍ਰਿਤਕ ਮਨਜੀਤ ਸਿੰਘ ਦੇ ਭਤੀਜੇ ਗੁਰਮੀਤ ਸਿੰਘ ਨੇ ਦੱਸਿਆ ਕਿ ਉਸਦਾ ਵਿਆਹ 7 ਸਾਲ ਪਹਿਲਾਂ ਹੋਇਆ ਸੀ। ਉਸ ਦੀ ਪਤਨੀ ਦੇ ਉਸੇ ਪਿੰਡ ਦੇ ਹੀ ਇਕ ਲੜਕੇ ਨਾਲ ਨਾਜਾਇਜ਼ ਸਬੰਧ ਸਨ।
ਗੁਰਮੀਤ ਸਿੰਘ ਨੇ ਦੱਸਿਆ ਕਿ 26 ਸਤੰਬਰ ਨੂੰ ਮਨਜੀਤ ਸਿੰਘ ਆਪਣੀ ਪਤਨੀ ਨੂੰ ਸਰਪ੍ਰਾਈਜ਼ ਦੇਣ ਲਈ ਵਿਦੇਸ਼ ਤੋਂ ਘਰ ਪਰਤਿਆ ਸੀ। ਜਦੋਂ ਉਹ ਘਰ ਆਇਆ ਤਾਂ ਉਸ ਨੇ ਦੇਖਿਆ ਕਿ ਉਸ ਦੀ ਪਤਨੀ ਆਪਣੇ ਪ੍ਰੇਮੀ ਨਾਲ ਫੋਨ 'ਤੇ ਗੱਲ ਕਰ ਰਹੀ ਸੀ, ਜਿਸ 'ਤੇ ਉਸ ਨੇ ਆਪਣੀ ਪਤਨੀ ਨੂੰ ਭਲਾ -ਬੁਰਾ ਕਿਹਾ। ਜਦੋਂ ਪਤਨੀ ਨੇ ਇਸ ਬਾਰੇ ਆਪਣੇ ਪ੍ਰੇਮੀ ਨੂੰ ਦੱਸਿਆ ਤਾਂ ਪ੍ਰੇਮੀ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵਾਲਾ ਮੈਸੇਜ ਭੇਜਿਆ।
ਜਿਸ ਤੋਂ ਬਾਅਦ ਉਸ ਦੀ ਪਤਨੀ ਉਸੇ ਸ਼ਾਮ ਘਰੋਂ ਚਲੀ ਗਈ। ਇਸ ਸਾਰੀ ਘਟਨਾ ਬਾਰੇ ਪਤਨੀ ਦੀਆਂ ਸਹੇਲੀਆਂ ਨੂੰ ਪਤਾ ਸੀ। ਉਹ ਉਸ ਦੇ ਚਾਚੇ ਨੂੰ ਇਸ ਸਬੰਧੀ ਵਾਰ-ਵਾਰ ਕੁਮੈਂਟ ਕਰਕੇ ਬੇਜਿਤ ਕਰਦੀਆਂ ਰਹਿੰਦੀਆਂ ਸੀ, ਜਿਸ ਕਾਰਨ ਉਸ ਦੇ ਚਾਚਾ ਮਨਜੀਤ ਸਿੰਘ ਨੇ ਖੇਤਾਂ ਵਿੱਚ ਜਾ ਕੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ।
ਇਸ ਦੇ ਨਾਲ ਹੀ ਇਸ ਮਾਮਲੇ 'ਚ ਥਾਣਾ ਫਤਿਹਗੜ੍ਹ ਚੂੜੀਆਂ ਦੀ ਪੁਲਸ ਨੇ ਗੁਰਮੀਤ ਸਿੰਘ ਦੇ ਬਿਆਨਾਂ 'ਤੇ ਗੁਰਮੀਤ ਸਿੰਘ ਦੀ ਪਤਨੀ, ਪਤਨੀ ਦੇ ਪ੍ਰੇਮੀ ਗਗਨ ਅਤੇ ਪਤਨੀ ਦੀਆਂ ਸਹੇਲੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।