
Punjab Weather Update: ਤਾਪਮਾਨ 'ਚ 1.7 ਡਿਗਰੀ ਦੀ ਆਈ ਗਿਰਾਵਟ
Punjab Weather Update News: ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ (ਸੋਮਵਾਰ) ਰਾਤ ਤੋਂ ਮੌਸਮ ਮੁੜ ਬਦਲ ਜਾਵੇਗਾ। ਨਾਲ ਹੀ ਆਉਣ ਵਾਲੇ ਦੋ ਦਿਨਾਂ ਵਿੱਚ ਕੁਝ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਦੂਜੇ ਪਾਸੇ ਸ਼ਨੀਵਾਰ ਰਾਤ ਤੋਂ ਸਰਗਰਮ ਹੋਏ ਵੈਸਟਰਨ ਡਿਸਟਰਬੈਂਸ ਸਰਕੂਲੇਸ਼ਨ ਕਾਰਨ ਕਈ ਇਲਾਕਿਆਂ 'ਚ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਕਾਰਨ ਮੌਸਮ ਠੰਢਾ ਹੋ ਗਿਆ ਹੈ।
24 ਘੰਟਿਆਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿਚ 1.7 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਹੁਣ ਇਹ ਆਮ ਤਾਪਮਾਨ ਦੇ ਨੇੜੇ ਪਹੁੰਚ ਗਿਆ ਹੈ। ਸਭ ਤੋਂ ਵੱਧ ਤਾਪਮਾਨ ਪਟਿਆਲਾ ਵਿਚ 35.6 ਦਰਜ ਕੀਤਾ ਗਿਆ। ਸਾਰੇ ਜ਼ਿਲ੍ਹਿਆਂ ਵਿਚ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ।
ਸੂਬੇ ਵਿਚ ਸ਼ਨੀਵਾਰ ਅੱਧੀ ਰਾਤ ਨੂੰ ਤੇਜ਼ ਹਨੇਰੀ ਕਾਰਨ ਪਾਵਰਕੌਮ ਨੂੰ ਨੁਕਸਾਨ ਹੋਇਆ ਹੈ। ਤੂਫਾਨ ਕਾਰਨ ਕਈ ਬਿਜਲੀ ਦੇ ਖੰਭੇ ਡਿੱਗ ਗਏ। ਇੱਥੋਂ ਤੱਕ ਕਿ ਕਈ ਇਲਾਕਿਆਂ ਵਿੱਚ ਬਿਜਲੀ ਵੀ ਪ੍ਰਭਾਵਿਤ ਹੋਈ। ਤੂਫਾਨ ਕਾਰਨ ਕਰੀਬ 130 ਟਰਾਂਸਫਾਰਮਰ, 580 11 ਕੇਵੀ ਤੋਂ ਵੱਧ ਬਿਜਲੀ ਦੇ ਖੰਭੇ ਅਤੇ ਤਾਰਾਂ ਟੁੱਟਣ ਕਾਰਨ ਕਰੀਬ ਡੇਢ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਸਭ ਤੋਂ ਵੱਧ ਨੁਕਸਾਨ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਵਿੱਚ ਹੋਇਆ ਹੈ। ਇਨ੍ਹਾਂ ਇਲਾਕਿਆਂ ਵਿੱਚ 296 ਖੰਭੇ ਅਤੇ 27 ਟਰਾਂਸਫਾਰਮਰ ਟੁੱਟ ਗਏ। ਖੇਤਾਂ ਵਿੱਚ ਝੋਨੇ ਦੀ ਫ਼ਸਲ ਵਿਛ ਗਈ ਹੈ। ਇਸ ਦੌਰਾਨ ਪਾਵਰਕੌਮ ਨੂੰ ਅੱਜ ਸਾਰੇ ਜ਼ਿਲ੍ਹਿਆਂ ਤੋਂ ਇਸ ਸਬੰਧੀ ਰਿਪੋਰਟਾਂ ਪ੍ਰਾਪਤ ਹੋਣਗੀਆਂ।