ਪਿੰਡ ਵਾਸੀਆਂ ਨੇ ਖੁਦ ਅਬਜ਼ਰਵਰ ਪੋਲਿੰਗ ਏਜੰਟ ਅਤੇ ਚੋਣ ਅਮਲੇ ਦੀ ਭੂਮਿਕਾ ਨਿਭਾਉਂਦੇ ਹੋਏ ਪੰਚ ਦੀ ਚੋਣ ਕਰਵਾਈ
Mansa News : ਪੰਜਾਬ ‘ਚ ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡਾਂ ਦੀ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਪਰ ਮਾਨਸਾ ਜ਼ਿਲ੍ਹੇ ਦੇ ਇੱਕ ਪਿੰਡ ਨੇ ਪੰਚਾਇਤੀ ਚੋਣਾਂ ਤੋਂ ਪਹਿਲਾਂ ਹੀ ਅਜਿਹਾ ਕੰਮ ਕਰ ਦਿੱਤਾ ਹੈ, ਜਿਸ ਕਾਰਨ ਪੂਰੇ ਪੰਜਾਬ ਵਿੱਚ ਇਸ ਦੀ ਚਰਚਾ ਹੋ ਰਹੀ ਹੈ।
ਦਰਅਸਲ 'ਚ ਪਿੰਡ ਵਾਸੀਆਂ ਵੱਲੋਂ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ ਕੀਤੀ ਗਈ ਪਰ ਇੱਕ ਵਾਰਡ ਵਿੱਚ ਪੰਚ ਦੀ ਚੋਣ ਨੂੰ ਲੈ ਕੇ ਕੋਈ ਸਹਿਮਤੀ ਨਹੀਂ ਬਣ ਸਕੀ। ਜਿਸ ਕਾਰਨ ਵਾਰਡ ਵਾਸੀਆਂ ਨੇ ਖੁਦ ਅਬਜ਼ਰਵਰ ਪੋਲਿੰਗ ਏਜੰਟ ਅਤੇ ਚੋਣ ਅਮਲੇ ਦੀ ਭੂਮਿਕਾ ਨਿਭਾਉਂਦੇ ਹੋਏ ਪੰਚ ਦੀ ਚੋਣ ਵੀ ਖ਼ੁਦ ਕਰਵਾਈ।
ਪਿੰਡ ਦਰਿਆਪੁਰ ਵਿੱਚ ਪੰਚਾਇਤੀ ਚੋਣਾਂ ਤੋਂ ਪਹਿਲਾਂ ਹੀ ਪਿੰਡ ਵਾਸੀਆਂ ਵੱਲੋਂ ਸਰਬਸੰਮਤੀ ਨਾਲ ਪੰਚਾਇਤ ਚੁਣੀ ਗਈ ਸੀ। ਇੱਕ ਵਾਰਡ ਵਿੱਚ ਸਰਬਸੰਮਤੀ ਨਾ ਹੋਣ ’ਤੇ ਪਿੰਡ ਵਾਸੀਆਂ ਨੇ ਪੰਚ ਦੀ ਚੋਣ ਲਈ 2 ਪੀਪਿਆਂ ’ਤੇ ਦੋਵੇਂ ਪੰਚ ਉਮੀਦਵਾਰਾਂ ਦੀਆਂ ਫੋਟੋਆਂ ਲਗਾ ਕੇ ਖ਼ੁਦ ਹੀ ਵੋਟਾਂ ਪਾ ਲਈਆਂ।
ਇੱਥੇ ਨਾ ਤਾਂ ਪੁਲੀਸ ਪ੍ਰਸ਼ਾਸਨ ਨੂੰ ਬੁਲਾਉਣ ਦੀ ਜ਼ਰੂਰਤ ਪਈ ਅਤੇ ਨਾ ਹੀ ਕੋਈ ਚੋਣ ਅਮਲਾ। ਇਸ ਦੌਰਾਨ ਹਰਬੰਸ ਸਿੰਘ ਨੂੰ 57 ਅਤੇ ਰਘਵੀਰ ਸਿੰਘ ਨੂੰ 94 ਵੋਟਾਂ ਮਿਲੀਆਂ, ਜਿਸ ਕਾਰਨ ਪੰਚ ਦੀ ਚੋਣ ਸ਼ਾਂਤੀਪੂਰਵਕ ਨੇਪਰੇ ਚੜ੍ਹੀ। ਹੁਣ ਇਸ ਪਿੰਡ ਦੀ ਸਮੁੱਚੀ ਪੰਚਾਇਤ ਸਰਬਸੰਮਤੀ ਨਾਲ ਚੁਣੀ ਗਈ ਹੈ। ਜਿਸ ਦੀ ਪੂਰੇ ਪੰਜਾਬ ਵਿੱਚ ਚਰਚਾ ਹੋ ਰਹੀ ਹੈ।