ਰਿਸ਼ਤੇਦਾਰ ਵਲੋਂ ਕੀਤੀ ਗੋਲੀਬਾਰੀ 'ਚ ਲੜਕੀ ਦੀ ਮੌਤ
ਭਾਈ ਰੂਪਾ, 6 ਨਵੰਬਰ (ਰਾਜਿੰਦਰ ਸਿੰਘ ਮਰਾਹੜ): ਸਥਾਨਕ ਸ਼ਹਿਰ ਵਿਖੇ ਅੱਜ ਸਵੇਰੇ ਡੇਢ ਵਜੇ ਦੇ ਕਰੀਬ ਵਾਪਰੀ ਘਟਨਾ ਵਿਚ ਇਕ ਵਿਅਕਤੀ ਵਲੋਂ ਅਪਣੇ ਰਿਸ਼ਤੇਦਾਰ ਦੇ ਘਰ ਵਿਚ ਦਾਖ਼ਲ ਹੋ ਕੇ ਕੀਤੀ ਕਥਿਤ ਗੋਲੀਬਾਰੀ ਦੌਰਾਨ ਇਕ ਪ੍ਰਵਾਸੀ ਨੌਜਵਾਨ ਲੜਕੀ ਦੀ ਮੌਤ, ਜਦਕਿ ਹਮਲਾਵਰ ਸਮੇਤ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਮ੍ਰਿਤਕ ਲੜਕੀ ਦੀ ਪਹਿਚਾਣ ਰਾਜਵਿੰਦਰ ਕੌਰ ਵਾਸੀ ਠੱਠੀ ਭਾਈ ਵਜੋਂ ਹੋਈ ਹੈ। ਜੋ ਕਿ ਪਿਛਲੇ 8 ਸਾਲਾਂ ਤੋਂ ਕੈਨੇਡਾ ਵਿਖੇ ਰਹਿ ਰਹੀ ਸੀ ਅਤੇ ਉਥੋਂ ਦੀ ਪੀ.ਆਰ. ਸੀ। ਬੀਤੇ 26 ਅਕਤੂਬਰ ਨੂੰ ਹੀ ਉਹ ਭਾਰਤ ਆਈ ਸੀ।
ਪ੍ਰਾਪਤ ਜਾਣਕਾਰੀ ਮੁਤਾਬਕ ਘਟਨਾ ਮੌਕੇ ਰਾਜਵਿੰਦਰ ਕੌਰ ਪਿੰਡ ਭਗਤਾ ਭਾਈ ਵਿਖੇ ਸੁਰਿੰਦਰਪਾਲ ਸਿੰਘ ਕੁੱਕੂ ਦੇ ਘਰ ਮਿਲਣ ਆਈ ਹੋਈ ਸੀ। ਘਟਨਾ ਦੌਰਾਨ ਗੋਲੀ ਲੱਗਣ ਨਾਲ ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ। ਜ਼ਖ਼ਮੀਆਂ ਵਿਅਕਤੀਆਂ ਵਿਚ ਘਰ ਦਾ ਮਾਲਕ ਸੁਰਿੰਦਰਪਾਲ ਸਿੰਘ ਕੁੱਕੂ ਤੋਂ ਇਲਾਵਾ ਉਸ ਦਾ ਭਾਣਜਾ ਰੁਪਿੰਦਰ ਸਿੰਘ ਰੋਮੀ ਅਤੇ ਮ੍ਰਿਤਕ ਲੜਕੀ ਦਾ ਪਿਤਾ ਦਰਸ਼ਨ ਸਿੰਘ ਵੀ ਸ਼ਾਮਲ ਹਨ। ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਬਠਿੰਡਾ ਦੇ ਮੈਕਸ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਥਿਤ ਤੌਰ ਉਤੇ ਗੋਲੀਬਾਰੀ ਕਰਨ ਵਾਲਾ ਵਿਅਕਤੀ ਗੁਰਜਿੰਦਰ ਸਿੰਘ ਬਾਹੀਆ (ਐਸ.ਈ.ਨਹਿਰੀ ਵਿਭਾਗ) ਜੋ ਕਿ ਸੁਰਿੰਦਰਪਾਲ ਸਿੰਘ ਕੁੱਕੂ ਦੇ ਮਾਸੀ ਦਾ ਲੜਕਾ ਹੈ, ਵੀ ਇਸ ਘਟਨਾ ਦੌਰਾਨ ਜ਼ਖ਼ਮੀ ਹੋ ਗਿਆ। ਉਹ ਵੀ ਬਠਿੰਡਾ ਦੇ ਮੈਕਸ ਹਸਪਤਾਲ ਵਿਚ ਹੀ ਦਾਖ਼ਲ ਹੈ। ਥਾਣਾ ਭਗਤਾ ਭਾਈ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਮੁਤਾਬਕ ਜ਼ਖ਼ਮੀਆਂ ਦੇ ਬਿਆਨਾਂ ਉਪਰੰਤ ਹੀ ਕਾਰਨਾਂ ਦਾ ਪਤਾ ਲੱਗਣ ਉਤੇ ਮੁਕੱਦਮਾ ਦਰਜ ਕੀਤਾ ਜਾਵੇਗਾ।
ਕੈਪਸਨ: ਘਟਨਾ ਸਥਾਨ ਤੇ ਡੁੱਲਿਆ ਖੂਨ।
6-5ਏ